ਸੀਆਰਪੀਐਫ ਦੇ 25 ਜਵਾਨ ਸ਼ਹੀਦ
300 ਤੋਂ ਵੱਧ ਨਕਸਾਲੀਆਂ ਨੇ ਕੀਤਾ ਹਮਲਾ
ਰਾਏਪੁਰ/ਬਿਊਰੋ ਨਿਊਜ਼ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਨਕਸਲੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਸੀਆਰਪੀਐਫ ਦੇ 25 ਜਵਾਨ ਸ਼ਹੀਦ ਹੋ ਗਏ ਹਨ ਅਤੇ ਛੇ ਜ਼ਖ਼ਮੀ ਵੀ ਹੋਏ ਹਨ। ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਇਸ ਸਾਲ ਦਾ ਇਹ ਸਭ ਤੋਂ ਭਿਆਨਕ ਹਮਲਾ ਹੈ। ਨਕਸਲੀਆਂ ਨੇ ਇਹ ਹਮਲਾ ਦੱਖਣੀ ਬਸਤਰ ਖ਼ਿੱਤੇ ਦੇ ਕਾਲਾ ਪੱਥਰ ਇਲਾਕੇ ਵਿਚ ਦੁਪਹਿਰ 12:25 ਵਜੇ ਕੀਤਾ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ”ਸਾਡੇ 25 ਜਵਾਨ ਸ਼ਹੀਦ ਹੋਏ ਹਨ।
ਨਕਸਲੀ ਹਮਲੇ ਵਿਚ ਸ਼ਹੀਦ ਹੋਣ ਵਾਲੇ ਸੀਆਰਪੀਐਫ ਦੇ 26 ਜਵਾਨਾਂ ਵਿੱਚ ਅੰਮ੍ਰਿਤਸਰ ਦੇ ਸਠਿਆਲਾ ਪਿੰਡ ਦਾ ਰਘਬੀਰ ਸਿੰਘ ਵੀ ਸ਼ਾਮਲ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕਰਨਾਲ ਦੇ ਪਿੰਡ ਖੇੜੀ ਮਾਨ ਸਿੰਘ ਦਾ ਜਵਾਨ ਰਾਮ ਮੇਹਰ ਅਤੇ ਮੂਰਥਲ ਦਾ ਜਵਾਨ ਨਰੇਸ਼ ਕੁਮਾਰ ਵੀ ਨਕਸਲੀਆਂ ਦੇ ਹਮਲੇ ਵਿਚ ਸ਼ਹੀਦ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਦੋ ਜਵਾਨਾਂ ਨੇ ਵੀ ਇਸ ਹਮਲੇ ‘ਚ ਸ਼ਹੀਦੀ ਦਿੱਤੀ ਹੈ। ਇਨ੍ਹਾਂ ਵਿਚੋਂ ਸੁਰੇਸ਼ ਕੁਮਾਰ ਮੰਡੀ ਅਤੇ ਸੰਜੇ ਕੁਮਾਰ ਪਾਲਮਪੁਰ ਨਾਲ ਸਬੰਧਤ ਹੈ। ਇਹ ਸਾਰੇ ਜਵਾਨ 74ਵੀਂ ਬਟਾਲੀਅਨ ਦੇ ਸਨ ਅਤੇ ਉਨ੍ਹਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ। ਸੁਕਮਾ ਦੇ ਵਧੀਕ ਐਸਪੀ ਜੀਤੇਂਦਰ ਸ਼ੁਕਲਾ ਨੇ ਦੱਸਿਆ ਕਿ ਘਟਨਾ ਚਿੰਤਾਗੁਫ਼ਾ ਪੁਲਿਸ ਥਾਣੇ ਦੀ ਹੱਦ ਅੰਦਰ ਬੁਰਕਾਪਾਲ ਪਿੰਡ ਨੇੜੇ ਵਾਪਰੀ ਹੈ। ਹਸਪਤਾਲ ਵਿਚ ਦਾਖ਼ਲ ਕਰਾਏ ਗਏ ਇਕ ਜ਼ਖ਼ਮੀ ਜਵਾਨ ਨੇ ਦਾਅਵਾ ਕੀਤਾ ਕਿ ਸੀਆਰਪੀਐਫ ਗਸ਼ਤੀ ਪਾਰਟੀ ‘ਤੇ ਕਰੀਬ 300 ਨਕਸਲੀਆਂ ਨੇ ਹਮਲਾ ਕੀਤਾ। ਇਸ ਜਵਾਨ ਨੇ ਦੱਸਿਆ, ”ਨਕਸਲੀਆਂ ਨੇ ਪਹਿਲਾਂ ਪਿੰਡ ਵਾਸੀਆਂ ਨੂੰ ਸਾਡੀਆਂ ਪੁਜ਼ੀਸ਼ਨਾਂ ਚੈੱਕ ਕਰਨ ਲਈ ਭੇਜਿਆ। ਮੈਂ ਕੁਝ ਮਹਿਲਾ ਨਕਸਲੀਆਂ ਨੂੰ ਵੀ ਦੇਖਿਆ ਅਤੇ ਸਾਰਿਆਂ ਨੇ ਕਾਲੀਆਂ ਵਰਦੀਆਂ ਪਾਈਆਂ ਹੋਈਆਂ ਸਨ ਅਤੇ ਉਹ ਏਕੇ ਸੀਰੀਜ਼ ਵਾਲੀਆਂ ਖ਼ਤਰਨਾਕ ਰਾਈਫਲਾਂ ਨਾਲ ਲੈਸ ਸਨ।” ਉਸ ਨੇ ਕਿਹਾ ਕਿ ਸੀਆਰਪੀਐਫ ਜਵਾਨਾਂ ਵੱਲੋਂ ਜਵਾਬੀ ਕਾਰਵਾਈ ਕਰਨ ਕਰਕੇ ਮੁਕਾਬਲੇ ਵਿਚ 10 ਤੋਂ 12 ਨਕਸਲੀ ਵੀ ਮਾਰੇ ਗਏ ਹੋਣਗੇ।
ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ : ਨਰਿੰਦਰ ਮੋਦੀ
ਨਵੀਂ ਦਿੱਲੀ : ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਹੋਰ ਆਗੂਆਂ ਨੇ ਨਕਸਲੀ ਹਮਲੇ ਦੀ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ। ਉਧਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੀਆਰਪੀਐਫ ਜਵਾਨਾਂ ‘ਤੇ ਹੋਏ ਹਮਲੇ ਨੂੰ ਉਨ੍ਹਾਂ ਚੁਣੌਤੀ ਵਜੋਂ ਲਿਆ ਹੈ।
ਅੰਮ੍ਰਿਤਸਰ ਦੇ ਰਘਬੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਪੰਜਾਬ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਦਿੱਤੀ ਐਕਸ ਗ੍ਰੇਸ਼ੀਆ ਗਰਾਂਟ
ਅੰਮ੍ਰਿਤਸਰ : ਛੱਤੀਸਗੜ੍ਹ ਵਿੱਚ ਨਕਸਲੀ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ ਇੰਸਪੈਕਟਰ ਰਘਬੀਰ ਸਿੰਘ ਸਠਿਆਲਾ ਦਾ ਪਿੰਡ ਸਠਿਆਲਾ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੀਆਰਪੀਐਫ ਦੇ ਜਵਾਨਾਂ ਨੇ ਹਥਿਆਰ ਪੁੱਠੇ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਪੁੱਜੇ ਅਧਿਕਾਰੀਆਂ ਨੇ ਫੁੱਲ ઠਮਾਲਾਵਾਂ ਭੇਟ ਕੀਤੀਆਂ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਦੀ ਐਕਸ ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡੀਆਈਜੀ ઠਜਲੰਧਰ ਜ਼ੋਨ ਸੀਆਰਪੀਐਫ ਡੀ ਐਲ ਗੋਲਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਐਸਡੀਐਮ ਬਾਬਾ ਬਕਾਲਾ ਤੇਜਦੀਪ ਸਿੰਘ ਸੈਣੀ, ਐਸਡੀਐਮ ਸਕੱਤਰ ਸਿੰਘ ਬੱਲ, ਡੀਐਸਪੀ ਲਖਵਿੰਦਰ ਸਿੰਘ ਮੱਲ, ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ। ਕੰਪਨੀ ਕਮਾਂਡਰ ਇੰਸਪੈਕਟਰ ਰਘਬੀਰ ਸਿੰਘ 24 ਅਪਰੈਲ ਨੂੰ ઠਛੱਤੀਸਗੜ੍ਹ ਵਿੱਚ ਸੀਆਰਪੀਐਫ ਜਵਾਨਾਂ ‘ਤੇ ਹੋਏ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ।
Check Also
ਰਾਹੁਲ ਗਾਂਧੀ ਨੇ ਸੰਸਦ ’ਚ ਨਾ ਬੋਲਣ ਦੇਣ ਦਾ ਲਗਾਇਆ ਗੰਭੀਰ ਆਰੋਪ
ਕਿਹਾ : ਵਿਰੋਧੀ ਧਿਰ ਦੇ ਸਵਾਲਾਂ ਦਾ ਵੀ ਨਹੀਂ ਦਿੱਤਾ ਜਾਂਦਾ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ …