18.5 C
Toronto
Sunday, September 14, 2025
spot_img
Homeਭਾਰਤਕੁਪਵਾੜਾ ਵਿੱਚ ਫ਼ੌਜੀ ਕੈਂਪ ਉਤੇ ਅੱਤਵਾਦੀ ਹਮਲਾ

ਕੁਪਵਾੜਾ ਵਿੱਚ ਫ਼ੌਜੀ ਕੈਂਪ ਉਤੇ ਅੱਤਵਾਦੀ ਹਮਲਾ

ਕੈਪਟਨ ਸਮੇਤ ਤਿੰਨ ਜਵਾਨ ਸ਼ਹੀਦ
ਸ੍ਰੀਨਗਰ/ਬਿਊਰੋ ਨਿਊਜ਼ : ਕਸ਼ਮੀਰ ਦੇ ਜ਼ਿਲ੍ਹੇ ਕੁਪਵਾੜਾ ਵਿੱਚ ਫੌਜੀ ਕੈਂਪ ਉਤੇ ਸਵੇਰੇ 4 ਵਜੇ ਤਿੰਨ ਅੱਤਵਾਦੀਆਂ ਨੇ ਧਾਵਾ ਬੋਲਿਆ, ਜਿਸ ਵਿੱਚ ਕੈਪਟਨ ਤੇ ਦੋ ਹੋਰ ਸੈਨਿਕ ਸ਼ਹੀਦ ਹੋ ਗਏ। 35 ਮਿੰਟ ਤੱਕ ਚੱਲੇ ਗਹਿਗੱਚ ਮੁਕਾਬਲੇ ‘ਚ ਦੋ ਹਮਲਾਵਰ ਵੀ ਹਲਾਕ ਹੋ ਗਏ। ਮੁਕਾਬਲੇ ਤੋਂ ਫੌਰੀ ਬਾਅਦ ਭੀੜ ਨੇ ਸੁਰੱਖਿਆ ਦਸਤਿਆਂ ਉਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਹੋਈ ਝੜਪ ਵਿੱਚ ਗੋਲੀ ਲੱਗਣ ਨਾਲ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਤਕਰੀਬਨ 100 ਕਿਲੋਮੀਟਰ ਦੂਰ ਕੁਪਵਾੜਾ ਦੇ ਪੰਜਗਾਮ ਦੀ ਫੌਜੀ ਛਾਉਣੀ ਦੀ ਤੋਪਖਾਨਾ ਯੂਨਿਟ ਵਿੱਚ ਤੜਕੇ ਚਾਰ ਵਜੇ ਕਾਲੇ ਪਠਾਨੀ ਸੂਟ ਤੇ ਜੰਗਜੂ ਜੈਕਟਾਂ ਪਾਈ ਤਿੰਨ ਅੱਤਵਾਦੀ ਪਿਛਲੇ ਪਾਸਿਓਂ ਦਾਖ਼ਲ ਹੋਏ ਅਤੇ ਉਨ੍ਹਾਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਤਵਾਦੀ ਪਹਾੜੀ ਖੇਤਰ ਵਿੱਚ ਸਥਿਤ ਇਸ ਕੈਂਪ ਦੀ ਦੂਜਾ ਸੁਰੱਖਿਆ ਘੇਰਾ ਲੰਘਣ ਵਿੱਚ ਕਾਮਯਾਬ ਹੋ ਗਏ ਸਨ। ਇਸ ਮਗਰੋਂ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ ਉਹ ਕੈਂਪ ਦੇ ਆਫੀਸਰਜ਼ ਕੰਪਲੈਕਸ ਵੱਲ ਵਧੇ। ਫੌਜੀਆਂ ਨੇ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਕੈਂਪ ਦੇ ਇਕ ਗੇਟ ਵੱਲ ਜਾਣ ਲਈ ਮਜਬੂਰ ਕਰ ਦਿੱਤਾ। ਗੋਲੀਬਾਰੀ ਵਿੱਚ ਕੈਪਟਨ ਆਯੂਸ਼ ਯਾਦਵ, ਸੂਬੇਦਾਰ ਭੂਪ ਸਿੰਘ ਗੁੱਜਰ ਅਤੇ ਨਾਇਕ ਬੀ ਵੈਂਕਟ ਰਮੱਨਾ ਦੀ ਮੌਤ ਹੋ ਗਈ। ਪੰਜ ਹੋਰ ਸੈਨਿਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਫੌਜ ਦੇ ਸ੍ਰੀਨਗਰ ਵਿਚਲੇ ਹਸਪਤਾਲ ਲਿਆਂਦਾ ਗਿਆ। ਫੌਜ ਦੀ ‘ਕੁਇੱਕ ਰਿਸਪਾਂਸ ਟੀਮ’ ਦੇ ਫੌਰੀ ਕਾਰਵਾਈ ਲਈ ਤਿਆਰ ਹੋ ਜਾਣ ਕਾਰਨ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੋ ਅੱਤਵਾਦੀਆਂ ਨੂੰ ਮੌਕੇ ਉਤੇ ਹੀ ਮਾਰ ਮੁਕਾਇਆ ਗਿਆ, ਜਦੋਂ ਕਿ ਤੀਜਾ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਕੁੱਪਵਾੜਾ ਵਿੱਚ ਕਰਨਲ ਸੌਰਭ ਨੇ ਦੱਸਿਆ ਕਿ ਪੂਰੀ ਕਾਰਵਾਈ ਨੂੰ 35 ਮਿੰਟ ਲੱਗੇ। ਜਵਾਨਾਂ ਨੂੰ ਮੌਕੇ ਤੋਂ ਤਿੰਨ ਏਕੇ ਰਾਈਫਲਾਂ ਬਰਾਮਦ ਹੋਈਆਂ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਤਿੰਨ ਅਤਿਵਾਦੀ ਸਨ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਰੇ ਅਤਿਵਾਦੀਆਂ ਕੋਲੋਂ ਨੌਂ ਮੈਗਜ਼ੀਨ, ਏਕੇ ਰਾਈਫਲ ਦੇ 156 ਕਾਰਤੂਸ, ਇਕ ਚੀਨੀ ਪਿਸਤੌਲ, ਤਿੰਨ ਯੂਬੀਜੀਐਲ ਗ੍ਰੇਨੇਡ, ਤਿੰਨ ਹਥਗੋਲੇ, ਦੋ ਰੇਡੀਓ ਸੈੱਟ, ਦੋ ਜੀਪੀਐਸ ਉਪਕਰਨ ਅਤੇ ਇਕ ਸਮਾਰਟਫੋਨ ਮਿਲਿਆ। ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਹਮਲਾਵਰ ਵਿਦੇਸ਼ੀ ਜਾਪਦੇ ਹਨ ਅਤੇ ਉਨ੍ਹਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਉਂ ਹੀ ਮੁਕਾਬਲਾ ਖ਼ਤਮ ਹੋਇਆ ਤਾਂ ਮੁਕਾਮੀ ਬਾਸ਼ਿੰਦਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਅੰਤਮ ਰਸਮਾਂ ਲਈ ਅੱਤਵਾਦੀਆਂ ਦੀਆਂ ਲਾਸ਼ਾਂ ਸੌਂਪਣ ਦੀ ਮੰਗ ਕੀਤੀ। ਫੌਜ ਵੱਲੋਂ ਮੰਗ ਨਾ ਮੰਨਣ ਉਤੇ ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਸਨ, ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਝੜਪ ਹੋ ਗਈ। ਇਸ ਦੌਰਾਨ ਮੁਹੰਮਦ ਯੂਸਫ਼ ਭੱਟ ਨੂੰ ਛਾਤੀ ਉਤੇ ਗੋਲੀ ਲੱਗ ਗਈ। ਕੁਪਵਾੜਾ ਦੇ ਹਸਪਤਾਲ ਲੈ ਜਾਣ ਉਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਮੁਹੰਮਦ ਯੂਸਫ਼ ਨੂੰ ਸੁਰੱਖਿਆ ਦਸਤਿਆਂ ਨੇ ਗੋਲੀ ਮਾਰੀ।

RELATED ARTICLES
POPULAR POSTS