Breaking News
Home / ਭਾਰਤ / ਮੇਰੇ ਖਿਲਾਫ ਬੇਬੁਨਿਆਦ ਆਰੋਪ ਲਾਏ ਗਏ : ਰਾਹੁਲ ਗਾਂਧੀ

ਮੇਰੇ ਖਿਲਾਫ ਬੇਬੁਨਿਆਦ ਆਰੋਪ ਲਾਏ ਗਏ : ਰਾਹੁਲ ਗਾਂਧੀ

ਕਿਹਾ : ਜਵਾਬ ਦੇਣ ਦਾ ਮੈਨੂੰ ਹੈ ਪੂਰਾ ਹੱਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਸ ਨੂੰ ਸਦਨ ‘ਚ ਜਵਾਬ ਦੇਣ ਦਾ ਪੂਰਾ ਹੱਕ ਹੈ ਕਿਉਂਕਿ ਉਸ ਖਿਲਾਫ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਪੂਰੀ ਤਰ੍ਹਾਂ ਆਧਾਰਹੀਣ ਅਤੇ ਨਾਜਾਇਜ਼ ਆਰੋਪ ਲਾਏ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ‘ਚ ਰਾਹੁਲ ਗਾਂਧੀ ਨੇ ਨਿਯਮ 357 ਦਾ ਜ਼ਿਕਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਦੀ ਮਿਸਾਲ ਦਿੱਤੀ ਕਿ ਪ੍ਰਸਾਦ ਨੇ ਮੰਤਰੀ ਰਹਿੰਦਿਆਂ ਸੰਸਦ ‘ਚ ਜੋਤਿਰਾਦਿੱਤਿਆ ਸਿੰਧੀਆ ਵੱਲੋਂ ਕੀਤੀ ਗਈ ਟਿੱਪਣੀ ਦਾ ਜਵਾਬ ਦੇਣ ਲਈ ਇਸ ਨਿਯਮ ਦਾ ਹਵਾਲਾ ਦਿੱਤਾ ਸੀ।
ਪੱਤਰ ‘ਚ ਰਾਹੁਲ ਗਾਂਧੀ ਨੇ ਕਿਹਾ, ”ਮੈਂ ਤੁਹਾਨੂੰ ਮੁੜ ਤੋਂ ਬੇਨਤੀ ਕਰ ਰਿਹਾ ਹਾਂ। ਮੈਂ ਸੰਸਦੀ ਰਵਾਇਤ, ਸੰਵਿਧਾਨ ਤਹਿਤ ਕੁਦਰਤੀ ਨਿਆਂ ਦੇ ਨੇਮਾਂ ਅਤੇ ਨਿਯਮ 357 ਤਹਿਤ ਤੁਹਾਡੇ ਤੋਂ ਲੋਕ ਸਭਾ ‘ਚ ਬੋਲਣ ਦੀ ਇਜਾਜ਼ਤ ਮੰਗ ਰਿਹਾ ਹਾਂ।”
ਕਾਂਗਰਸ ਆਗੂ ਨੇ ਕਿਹਾ ਕਿ ਮੰਤਰੀਆਂ ਵੱਲੋਂ ਲਾਏ ਗਏ ਆਰੋਪਾਂ ਨੂੰ ਲੈ ਕੇ ਉਨ੍ਹਾਂ ਨੂੰ ਨਿਯਮ 357 ਤਹਿਤ ਜਵਾਬ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਰਾਹੁਲ ਨੇ ਇਹ ਪੱਤਰ 18 ਮਾਰਚ ਨੂੰ ਲਿਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਡਿਜੀਟਲ ਲਾਇਬ੍ਰੇਰੀ ‘ਚ ਅਜਿਹੀਆਂ ਕਈ ਮਿਸਾਲਾਂ ਮੌਜੂਦ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੈਂਬਰ ਨੂੰ ਸਿਰਫ਼ ਸੰਸਦ ਹੀ ਨਹੀਂ ਸਗੋਂ ਜਨਤਕ ਤੌਰ ‘ਤੇ ਲਾਏ ਗਏ ਆਰੋਪਾਂ ਦਾ ਜਵਾਬ ਦੇਣ ਦਾ ਵੀ ਹੱਕ ਹੈ। ਰਾਹੁਲ ਨੇ ਆਸ ਪ੍ਰਗਟਾਈ ਹੈ ਕਿ ਸਪੀਕਰ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਹੋ ਕੇ ਲੋਕ ਸਭਾ ‘ਚ ਛੇਤੀ ਜਵਾਬ ਦੇਣ ਦੀ ਇਜਾਜ਼ਤ ਦੇਣਗੇ। ਰਾਹੁਲ ‘ਤੇ ਬਰਤਾਨੀਆ ‘ਚ ਦੇਸ਼ ਵਿਰੋਧੀ ਬਿਆਨ ਦੇਣ ਦੇ ਦੋਸ਼ ਲਾਉਂਦਿਆਂ ਭਾਜਪਾ ਉਸ ਤੋਂ ਮੁਆਫ਼ੀ ਦੀ ਮੰਗ ਕਰ ਰਹੀ ਹੈ।
ਰਾਹੁਲ ਮੌਜੂਦਾ ਦੌਰ ਦਾ ਮੀਰ ਜਾਫ਼ਰ: ਭਾਜਪਾ
ਨਵੀਂ ਦਿੱਲੀ : ਭਾਜਪਾ ਨੇ ਕਾਂਗਰਸ ਆਗੂ ਨੂੰ ਭਾਰਤੀ ਸਿਆਸਤ ‘ਚ ਮੌਜੂਦਾ ਦੌਰ ਦਾ ਮੀਰ ਜਾਫ਼ਰ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਵਿਚ ‘ਨਵਾਬ’ ਬਣਨ ਲਈ ਬਾਹਰ ਜਾ ਕੇ ਵਿਦੇਸ਼ੀ ਤਾਕਤਾਂ ਤੋਂ ਸਹਾਇਤਾ ਮੰਗ ਰਿਹਾ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਆਗੂ ਨੂੰ ਲੰਡਨ ‘ਚ ਜਮਹੂਰੀਅਤ ਬਾਰੇ ਦਿੱਤੇ ਬਿਆਨ ਲਈ ਮੁਆਫ਼ੀ ਮੰਗਣੀ ਹੀ ਪਵੇਗੀ। ‘ਰਾਹੁਲ ਨੇ ਲੰਡਨ ‘ਚ ਉਹੋ ਕੁਝ ਕੀਤਾ, ਜੋ ਇਤਿਹਾਸ ‘ਚ ਮੀਰ ਜਾਫ਼ਰ ਨੇ ਕੀਤਾ ਸੀ। ਸ਼ਹਿਜ਼ਾਦਾ ਨਵਾਬ ਬਣਨਾ ਚਾਹੁੰਦਾ ਹੈ। ਸ਼ਹਿਜ਼ਾਦੇ ਨੇ ਨਵਾਬ ਬਣਨ ਲਈ ਈਸਟ ਇੰਡੀਆ ਕੰਪਨੀ ਤੋਂ ਸਹਾਇਤਾ ਮੰਗੀ ਹੈ।’ ਭਾਜਪਾ ਤਰਜਮਾਨ ਨੇ ਇਹ ਵੀ ਆਰੋਪ ਲਾਇਆ ਕਿ ਰਾਹੁਲ ਗਾਂਧੀ ਪਹਿਲਾਂ ਵੀ ਭਾਰਤ ਖਿਲਾਫ ਵਿਦੇਸ਼ ‘ਚ ਬੋਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਸੋਚੀ-ਸਮਝੀ ਸਾਜਿਸ਼ ਹੈ। ਪਾਤਰਾ ਨੇ ਕਿਹਾ ਕਿ ਗਾਂਧੀ ਨੇ ਵਿਦੇਸ਼ ‘ਚ ਭਾਰਤ ਬਾਰੇ ਟਿੱਪਣੀਆਂ ਕਰਕੇ ਮੁਲਕ ਦਾ ਅਪਮਾਨ ਕੀਤਾ ਹੈ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …