ਮੋਦੀ ਹਟਾਓ ਤੋਂ ਬਾਅਦ ਹੁਣ ਕੇਜਰੀਵਾਲ ਹਟਾਓ ਦੇ ਲੱਗੇ ਪੋਸਟਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਨਵੀਂ ਦਿੱਲੀ ‘ਚ ਪੋਸਟਰ ਵਾਰ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਪੋਸਟਰ ਲਗਾਏ ਜਾਣ ਦੇ ਦੋ ਦਿਨਾਂ ਬਾਅਦ ਹੁਣ ਨਵੀਂ ਦਿੱਲੀ ‘ਚ ਜਗ੍ਹਾ-ਜਗ੍ਹਾ ‘ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਪੋਸਟਰ ਲਗਾਏ ਗਏ ਹਨ। ਇਨ੍ਹਾਂ ‘ਤੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੋਂ ਹਟਾਉਣ ਦੇ ਨਾਅਰੇ ਲਿਖੇ ਗਏ ਹਨ। ਆਪਣੇ ਖਿਲਾਫ਼ ਲੱਗੇ ਪੋਸਟਰਾਂ ਸਬੰਧੀ ਬੋਲਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇਨ੍ਹਾਂ ਪੋਸਟਰਾਂ ਦੇ ਲਗਾਏ ਜਾਣ ਤੋਂ ਕੋਈ ਪ੍ਰੇਸ਼ਾਨੀ ਨਹੀਂ ਅਤੇ ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਾ ਕੀਤਾ ਜਾਵੇ। ਧਿਆਨ ਰਹੇ ਕਿ ਇਸ ਤੋਂ ਦੋ ਦਿਨ ਪਹਿਲਾਂ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵੀ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ‘ਤੇ ਲਿਖਿਆ ਗਿਆ ਸੀ ‘ਮੋਦੀ ਹਟਾਓ, ਦੇਸ਼ ਬਚਾਓ’। ਜਿਵੇਂ ਹੀ ਇਨ੍ਹਾਂ ਪੋਸਟਰਾਂ ਦੇ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਦਿੱਲੀ ਪੁਲਿਸ ਨੇ 36 ਮਾਮਲੇ ਦਰਜ ਕੀਤੇ ਅਤੇ ਇਸ ਮਾਮਲੇ ‘ਚ ਦੋ ਪ੍ਰਿਟਿੰਗ ਪ੍ਰੈਸਾਂ ਦੇ ਮਾਲਕਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਜਦਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਇਕ ਵੈਨ ਵਿਚੋਂ 10 ਹਜ਼ਾਰ ਪੋਸਟਰ ਵੀ ਜਬਤ ਕੀਤੇ ਗਏ ਸਨ। ਇਸ ਤੋਂ ਪਹਿਲਾਂ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਪੋਸਟਰ ਲਗਾਉਣ ਦੇ ਮਾਮਲੇ ‘ਚ ਪੁਲਿਸ ਨੇ 100 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੇ ਮਾਮਲੇ ਪ੍ਰਿੰਟਿੰਗ ਪ੍ਰੈਸ ਐਕਟ ਅਤੇ ਪ੍ਰਾਪਰਟੀ ਡਿਫੇਸਮੈਂਟ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ। ਦਿੱਲੀ ਪੁਲਿਸ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਦੇ ਕੁੱਝ ਹਿੱਸਿਆਂ ਵਿਚ ‘ਮੋਦੀ ਹਟਾਓ ਦੇਸ਼ ਬਚਾਓ’ ਦੇ ਪੋਸਟਰ ਲੱਗੇ ਮਿਲੇ ਹਨ। ਇਨ੍ਹਾਂ ਪੋਸਟਰਾਂ ‘ਤੇ ਕਿਸੇ ਵੀ ਪ੍ਰਿਟਿੰਗ ਪ੍ਰੈਸ ਦਾ ਵੇਰਵਾ ਨਹੀਂ ਦਿੱਤਾ ਗਿਆ। ਆਈਪੀ ਸਟੇਟ ਥਾਣੇ ਦੇ ਇਕ ਅਧਿਕਾਰੀ ਨੇ ਪੱਪੂ ਮਹਿਤਾ ਨਾਮ ਦੇ ਇਕ ਵਿਅਕਤੀ ਇਹ ਪੋਸਟਰ ਲਗਾਉਂਦੇ ਹੋਏ ਮੌਕੇ ‘ਤੇ ਫੜਿਆ ਹੈ ਅਤੇ ਉਸ ਕੋਲੋਂ 38 ਬੰਡਲ ਪੋਸਟਰ ਵੀ ਮਿਲੇ ਹਨ। ੁਧਰ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਨਿਕਲੀ ਇਕ ਵੈਨ ਵਿਚੋਂ ਵੀ ਇਹ ਪੋਸਟਰ ਜਬਤ ਕੀਤੇ ਗਏ ਹਨ ਅਤੇ ਇਸ ਮਾਮਲੇ ‘ਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।