19.4 C
Toronto
Friday, September 19, 2025
spot_img
Homeਭਾਰਤਕਿਸਾਨ ਮਹਾਪੰਚਾਇਤ: ਕੇਂਦਰ ਤੇ ਕਾਰਪੋਰੇਟਾਂ ਖਿਲਾਫ ਸੰਘਰਸ਼ ਦਾ ਐਲਾਨ

ਕਿਸਾਨ ਮਹਾਪੰਚਾਇਤ: ਕੇਂਦਰ ਤੇ ਕਾਰਪੋਰੇਟਾਂ ਖਿਲਾਫ ਸੰਘਰਸ਼ ਦਾ ਐਲਾਨ

ਖੇਤੀ ਮੰਤਰੀ ਨੇ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਲੈਣ ਦਾ ਦਿੱਤਾ ਭਰੋਸਾ
ਕਿਸਾਨਾਂ ਦੇ ਵਫਦ ਨੇ ਤੋਮਰ ਨੂੰ ਸੌਂਪਿਆ ਮੰਗ ਪੱਤਰ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਮਹਾਪੰਚਾਇਤ ਕਰਕੇ ਐਲਾਨ ਕੀਤਾ ਕਿ ਉਹ ਕਾਰਪੋਰੇਟ ਤੇ ਕੇਂਦਰ ਸਰਕਾਰ ਦੇ ਗੱਠਜੋੜ ਵੱਲੋਂ ਖੇਤੀ ਖੇਤਰ ਉੱਪਰ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਦੇਸ਼ ਭਰ ‘ਚ ਮਜ਼ਬੂਤ ਕਿਸਾਨ ਅੰਦੋਲਨ ਵਿੱਢਣਗੇ। ਮੋਰਚੇ ਨੇ ਹਰ ਸੂਬੇ ‘ਚ ਕਨਵੈਨਸ਼ਨਾਂ ਕਰਨ ਦਾ ਸੱਦਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੇ 15 ਮੈਂਬਰੀ ਵਫਦ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਯੁੱਧਵੀਰ ਸਿੰਘ, ਵੀ.ਵੈਕੱਟਰਮਈਆ, ਹਨਨਮੁੱਲਾ, ਹਰਿੰਦਰ ਸਿੰਘ ਲੱਖੋਵਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਆਦਿ ਸ਼ਾਮਲ ਸਨ।
ਮੋਰਚੇ ਵੱਲੋਂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 30 ਅਪਰੈਲ ਨੂੰ ਦਿੱਲੀ ਵਿੱਚ ਮੋਰਚੇ ਦੀ ਕੌਮੀ ਪੱਧਰ ਦੀ ਮੀਟਿੰਗ ਕਰਕੇ ਅੰਦੋਲਨ ਦੀ ਅਗਲੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹਰ ਸੂਬੇ ਵਿੱਚ ਮੋਰਚੇ ਦੀ ਮਜ਼ਬੂਤੀ ਲਈ ਸਮਾਗਮ ਉਲੀਕੇ ਜਾਣਗੇ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਖ਼ਿਲਾਫ਼ ਕੇਸ ਵਾਪਸ ਲੈਣ ਲਈ ਖੇਤੀਬਾੜੀ ਤੋਮਰ ਨੇ ਸਹਿਮਤੀ ਦਿੱਤੀ ਹੈ ਅਤੇ ਬਿਜਲੀ ਬਿੱਲ ਵਿੱਚੋਂ ਕਿਸਾਨ ਵਿਰੋਧੀ ਮੱਦਾਂ ਹਟਾਉਣ ਬਾਰੇ ਵੀ ਦੱਸਿਆ। ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਆਦਿ ਸੂਬਿਆਂ ਦੇ ਕਿਸਾਨ ਰਾਮਲੀਲਾ ਮੈਦਾਨ ਵਿੱਚ ਪੁੱਜੇ। ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਜਾਣ ਕਰਕੇ ਵਿਸ਼ਵਾਸਘਾਤ ਵਿਰੁੱਧ ਕਿਸਾਨਾਂ ਦੀਆਂ ਮੰਗਾਂ ਉਭਾਰਨ ਲਈ ਮਹਾਪੰਚਾਇਤ ਕੀਤੀ ਗਈ।
ਮੋਰਚੇ ਨੇ ਫਸਲਾਂ ਦੀ ਖਰੀਦ ਸਬੰਧੀ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ ਕਰਨ, ਐਮਐਸਪੀ ਸਬੰਧੀ ਸਰਕਾਰ ਵੱਲੋਂ ਬਣਾਈ ਕਮੇਟੀ ਰੱਦ ਕਰ ਕੇ ਕੀਤੇ ਵਾਅਦੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀ ਢੁਕਵੀਂ ਪ੍ਰਤੀਨਿਧਤਾ ਹੇਠ ਕਮੇਟੀ ਦਾ ਮੁੜ ਗਠਨ ਕਰਨ, ਬਿਜਲੀ ਸੋਧ ਬਿਲ 2022 ਰੱਦ ਕਰਨ, ਕਿਸਾਨਾਂ ਦੀ ਬਜਾਏ ਕਾਰਪੋਰੇਟ ਦੇ ਮੁਨਾਫੇ ਵਧਾਉਣ ਵਾਲੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰੱਦ ਕਰਨ, ਫਸਲ ਬੀਮਾ ਯੋਜਨਾ ਲਾਗੂ ਕਰਨ, ਕੁਦਰਤੀ ਆਫ਼ਤ ਕਾਰਨ ਖਰਾਬ ਹੋਈਆਂ ਆਲੂ, ਪਿਆਜ਼ ਤੇ ਸਰ੍ਹੋਂ ਸਮੇਤ ਸਾਰੀਆਂ ਫਸਲਾਂ ਦਾ ਮੁਆਵਜ਼ਾ ਦੇਣ, ਕਿਸਾਨੀ ਸੰਘਰਸ਼ ਦੌਰਾਨ ਦਰਜ ਕੀਤੇ ਕੇਸਾਂ ਨੂੰ ਵਾਪਸ ਲੈਣ ਅਤੇ ਦਿੱਲੀ ਮੋਰਚੇ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਉਭਾਰਿਆ। ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਤੇ ਮੋਰਚੇ ਦੇ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਤੇ ਸਤਨਾਮ ਸਿੰਘ ਦੇ ਘਰਾਂ ‘ਤੇ ਮਾਰੇ ਗਏ ਛਾਪਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ।
ਮਹਾਪੰਚਾਇਤ ਨੂੰ ਰਾਕੇਸ਼ ਟਿਕੈਤ, ਡਾ. ਦਰਸ਼ਨਪਾਲ, ਬੀਜੂ ਕ੍ਰਿਸ਼ਨਨ, ਰੂਲਦੂ ਸਿੰਘ, ਆਰ. ਵੈਂਕਈਆ, ਸੁਰੇਸ਼ ਕੌਥ, ਜੋਗਿੰਦਰ ਉਗਰਾਹਾਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ. ਸਤਨਾਮ ਅਜਨਾਲਾ, ਮੇਧਾ ਪਾਟੇਕਰ, ਸੱਤਿਆਵਾਨ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।

 

RELATED ARTICLES
POPULAR POSTS