Breaking News
Home / ਭਾਰਤ / ਸਾਨੂੰ ਤੰਗ ਕੀਤਾ ਜਾ ਰਿਹੈ: ਕੇਜਰੀਵਾਲ

ਸਾਨੂੰ ਤੰਗ ਕੀਤਾ ਜਾ ਰਿਹੈ: ਕੇਜਰੀਵਾਲ

ਨਵੀਂ ਦਿੱਲੀ: ਰਾਸ਼ਟਰਪਤੀ ਵੱਲੋਂ ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ ਆਪਣੀ ਚੁੱਪ ਤੋੜਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਤੇ ਪਾਰਟੀ ਆਗੂਆਂ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਪਰ ਸਾਰੀ ਤਾਕਤ ਝੋਕ ਕੇ ਵੀ ‘ਉਹ’ ਦਿੱਲੀ ਸਰਕਾਰ ਖ਼ਿਲਾਫ਼ ਕੁਝ ਨਹੀਂ ਲੱਭ ਸਕੇ । ਨਜ਼ਫਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਉਪ ਰਾਜਪਾਲ ਨੇ ਉਨ੍ਹਾਂ ਦੇ 2 ਸਾਲ ਦੇ ਕਾਰਜਕਾਲ ਦੀਆਂ ਕਰੀਬ 400 ਫਾਈਲਾਂ ਮੰਗਵਾਈਆਂ ਪਰ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦੋਂ ਕੁੱਝ ਵੀ ਨਹੀਂ ਕਰ ਸਕੇ ਤਾਂ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।
ਕਾਂਗਰਸ ਅਤੇ ਭਾਜਪਾ ਵੱਲੋਂ ‘ਆਪ’ ਨੂੰ ਰਗੜੇ
ਨਵੀਂ ਦਿੱਲੀ : ਦਿੱਲੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਮਗਰੋਂ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਉੱਤੇ ਸਿਆਸੀ ਹਮਲੇ ਕੀਤੇ। ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਰਾਸ਼ਟਰਪਤੀ ਨੇ ‘ਆਪ’ ਵਿਧਾਇਕਾਂ ਨੂੰ ਅਯੋਗ ਠਹਿਰਾਅ ਕੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਹੈ। ਦਿੱਲੀ ਕਾਂਗਰਸ ਕਮੇਟੀ ਦੇ ਸੂਬਾਈ ਪ੍ਰਧਾਨ ਅਜੈ ਮਾਕਨ ਨੇ ਸਵਾਲ ਕੀਤੇ ਕਿ 21 ਸੰਸਦੀ ਸਕੱਤਰਾਂ ਨੂੰ ਸਰਕਾਰੀ ਗੱਡੀਆਂ, ਮੰਤਰੀਆਂ ਦੇ ਦਫ਼ਤਰਾਂ ਵਿੱਚ ਥਾਂ ਦਿੱਤੀ ਗਈ ਤੇ ਫਰਨੀਚਰ ਲਈ ਕੁੱਲ 1326300 ਰੁਪਏ ਮਨਜ਼ੂਰ ਕੀਤੇ ਗਏ ਤੇ ਹੋਰ ਖਰਚਿਆਂ ਲਈ 1175828 ਖਰਚ ਕੀਤੇ ਗਏ ਸਨ। ਉਨ੍ਹਾਂ ਭਾਜਪਾਂ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਦੀ ਸਿਫਾਰਸ਼ ਦਿੱਲੀ ਤੋਂ ਤਿੰਨ ਰਾਜ ਸਭਾ ਦੀਆਂ ਸੀਟਾਂ ਭਰਨ ਬਾਅਦ ਹੀ ਕਿਉਂ ਅਮਲ ਵਿੱਚ ਲਿਆਂਦੀ ਗਈ।
ਕੇਜਰਵਾਲ ਵਾਸਤੇ ਜਾਨ ਦੇਣ ਲਈ ਵੀ ਤਿਆਰ ਹਾਂ : ਅਨਿਲ ਵਾਜਪਾਈ
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜਾਈ ਲੜੇਗੀ। ਕੇਜਰੀਵਾਲ ਸਰਕਾਰ ਵਿਚ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਹ ਸੰਵਿਧਾਨ ਅਤੇ ਕੁਦਰਤੀ ਇਨਸਾਫ ਦੇ ਵੀ ਵਿਰੁੱਧ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਆਸ਼ੂਤੋਸ਼ ਨੇ ਫੈਸਲੇ ਨੂੰ ਗੈਰਸੰਵਿਧਾਨਕ ਅਤੇ ਲੋਕਰਾਜ ਲਈ ਖਤਰਨਾਕ ਦੱਸਿਆ। ਅਨਿਲ ਵਾਜਪਾਈ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਵਾਸਤੇ ਜਾਨ ਤੱਕ ਦੇਣ ਲਈ ਤਿਆਰ ਹੈ। ਅਲਕਾ ਲਾਂਬਾ ਨੇ ਕਿਹਾ ਕਿ ਰਾਸ਼ਟਰਪਤੀ ਨੇ ਜਲਦਬਾਜ਼ੀ ਵਿਚ ਫੈਸਲਾ ਕੀਤਾ ਹੈ। ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਇਹ ਕੇਂਦਰ ਸਰਕਾਰ ਦਾ ਸੰਵਿਧਾਨਕ ਅਦਾਰਿਆਂ ਦੀ ਦੁਰਵਰਤੋਂ ਦਾ ਮਾਮਲਾ ਹੈ।
ਕੇਜਰੀਵਾਲ ਨੂੰ ਮਿਲਿਆ ਸ਼ਤਰੂਘਨ ਸਿਨਹਾ ਦਾ ਸਾਥ
ਭਾਜਪਾ ਨੇਤਾ ਅਤੇ ਬਿਹਾਰ ਤੋਂ ਐਮ.ਪੀ. ਸ਼ਤਰੂਘਨ ਸਿਨਹਾ ਨੇ ਕੇਜਰੀਵਾਲ ਨੂੰ ਹਮਾਇਤ ਦਿੱਤੀ ਹੈ। ਆਪਣੇ ਟਵਿੱਟਰ ਅਕਾਊਂਟ ‘ਤੇ ਸ਼ਤਰੂਘਨ ਨੇ ਲਿਖਿਆ ਹੈ, ”ਆਪ ਆਏ, ਆਪ ਛਾਏ, ਆਪ ਹੀ ਆਪ ਚਰਚਾ ਕਾ ਵਿਸ਼ਾ। ਘਰ-ਘਰ ਮੇਂ, ਹਰ ਖਬਰ ਮੇਂ ਤੇ ਫਿਰ ਕਿਸ ਬਾਤ ਕੀ ਫਿਕਰ ਆਪ ਕੋ।’ ਅਗਲੇ ਟਵੀਟ ਵਿਚ ਸ਼ਤਰੂਘਨ ਨੇ ਲਿਖਿਆ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ‘ਆਪ’ ਨੂੰ ਜਲਦੀ ਹੀ ਇਨਸਾਫ ਮਿਲੇਗਾ। ਸਿਨਹਾ ਦੇ ਉਕਤ ਟਵੀਟ ਨੂੰ ਅਰਵਿੰਦ ਕੇਜਰੀਵਾਲ ਨੇ ਰੀ-ਟਵੀਟ ਵੀ ਕੀਤਾ।
ਰਾਸ਼ਟਰਪਤੀ ਦਾ ਫੈਸਲਾ ਤੁਗਲਕਸ਼ਾਹੀ : ਯਸ਼ਵੰਤ
ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਰਾਸ਼ਟਰਪਤੀ ਦੇ ਫੈਸਲੇ ਨੂੰ ਤੁਗਲਕਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, ”ਇਹ ਕੁਦਰਤੀ ਇਨਸਾਫ ਦੇ ਸਿਧਾਂਤ ਦੀ ਉਲੰਘਣਾ ਹੈ। ਹਾਈਕੋਰਟ ਦੇ ਫੈਸਲੇ ਦੀ ਵੀ ਉਡੀਕ ਨਹੀਂ ਕੀਤੀ ਗਈ।”
‘ਆਪ’ ਦੇ 20 ਵਿਧਾਇਕਾਂ ਨੇ ਹਾਈਕੋਰਟ ‘ਚੋਂ ਅਰਜ਼ੀ ਲਈ ਵਾਪਸ
ਨਵੀਂ ਦਿੱਲੀ : ਲਾਭ ਵਾਲੇ ਅਹੁਦੇ ਕਾਰਨ ਅਯੋਗ ਠਹਿਰਾਏ ਗਏ ‘ਆਪ’ ਦੇ 20 ਵਿਧਾਇਕਾਂ ਨੇ ਚੋਣ ਕਮਿਸ਼ਨ ਦੀ ਸਿਫ਼ਾਰਿਸ਼, ਜਿਸ ਦੇ ਆਧਾਰ ‘ਤੇ ਰਾਸ਼ਟਰਪਤੀ ਨੇ ਇਨ੍ਹਾਂ ਨੂੰ ਬਰਖ਼ਾਸਤ ਕਰਨ ‘ਤੇ ਮੋਹਰ ਲਾਈ ਹੈ, ਖ਼ਿਲਾਫ਼ ਪਾਈਆਂ ਅਰਜ਼ੀਆਂ ਦਿੱਲੀ ਹਾਈਕੋਰਟ ਵਿੱਚੋਂ ਵਾਪਸ ਲੈ ਲਈਆਂ ਹਨ। ਇਨ੍ਹਾਂ 20 ਵਿਧਾਇਕਾਂ, ਜਿਨ੍ਹਾਂ ਦੀ ਸੰਸਦੀ ਸਕੱਤਰ ਵਜੋਂ ਨਿਯੁਕਤੀ ‘ਤੇ ਸਵਾਲ ਉੱਠੇ ਸਨ, ਨੇ ਹਾਈਕੋਰਟ ਨੂੰ ਦੱਸਿਆ ਕਿ ਅਸੈਂਬਲੀ ਸੀਟਾਂ ਤੋਂ ਲਾਂਭੇ ਕੀਤੇ ਜਾਣ ਖ਼ਿਲਾਫ਼ ਉਨ੍ਹਾਂ ਵੱਲੋਂ ਨਵੀਆਂ ਪਟੀਸ਼ਨਾਂ ਦਾਖ਼ਲ ਕੀਤੀਆਂ ਜਾਣਗੀਆਂ ਕਿਉਂਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਚੋਣ ਕਮਿਸ਼ਨ ਦੀ ਸਿਫ਼ਾਰਿਸ਼ ‘ਤੇ ਮੋਹਰ ਲਾਏ ਜਾਣ ਬਾਅਦ ਇਹ ਪਟੀਸ਼ਨਾਂ ਨਿਹਫਲ ਹੋ ਗਈਆਂ ਹਨ। ਜਸਟਿਸ ਰੇਖਾ ਪੱਲੀ ਨੇ ਇਨ੍ਹਾਂ ਵਿਧਾਇਕਾਂ ਨੂੰ ਪਟੀਸ਼ਨਾਂ ਵਾਪਸ ਲੈਣ ਦੀ ਆਗਿਆ ਦੇ ਦਿੱਤੀ। ਇਨ੍ਹਾਂ ਵਿਚੋਂ ਇਕ ਵਿਧਾਇਕ ਵੱਲੋਂ ਪੇਸ਼ ਹੋਏ ਵਕੀਲ ਮਨੀਸ਼ ਵਸ਼ਿਸ਼ਟ ਨੇ ਅਦਾਲਤ ਨੂੰ ਦੱਸਿਆ ਕਿ ਰਾਸ਼ਟਰਪਤੀ ਵੱਲੋਂ ਚੋਣ ਕਮਿਸ਼ਨ ਦੀ ਸਿਫ਼ਾਰਿਸ਼ ਸਵੀਕਾਰ ਕੀਤੇ ਜਾਣ ਬਾਅਦ ਸਰਕਾਰ ਵੱਲੋਂ 20 ਜਨਵਰੀ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਨੂੰ ਰਿਕਾਰਡ ਉਤੇ ਲੈਂਦਿਆਂ ਅਦਾਲਤ ਨੇ ਇਨ੍ਹਾਂ ਵਿਧਾਇਕਾਂ ਨੂੰ ਕੋਈ ਰਾਹਤ ਨਾ ਦੇਣ ਵਾਲੇ ਆਪਣੇ 19 ਜਨਵਰੀ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਦੱਸਣਯੋਗ ਹੈ ਕਿ 21 ਵਿਧਾਇਕਾਂ, ਜਿਨ੍ਹਾਂ ਨੂੰ ਦਿੱਲੀ ਵਿਚ ‘ਆਪ’ ਸਰਕਾਰ ਨੇ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ, ਖ਼ਿਲਾਫ਼ ਪ੍ਰਸ਼ਾਂਤ ਪਟੇਲ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਜਰਨੈਲ ਸਿੰਘ ਖ਼ਿਲਾਫ਼ ਕਾਰਵਾਈ ਰੋਕ ਦਿੱਤੀ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਉਸ ਨੇ ਰਾਜੌਰੀ ਗਾਰਡਨ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ।
ਹਾਈਕੋਰਟ ਨੇ ਉਪ ਚੋਣ ਦਾ ਨੋਟੀਫਿਕੇਸ਼ਨ ਜਾਰੀ ਕਰਨ ‘ਤੇ ਲਗਾਈ ਰੋਕ
ਨਵੀਂ ਦਿੱਲੀ : ਲਾਭ ਵਾਲੇ ਅਹੁਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਲਈ ਥੋੜ੍ਹੀ ਜਿਹੀ ਰਾਹਤ ਭਰੀ ਖਬਰ ਆਈ ਹੈ। ਦਿੱਲੀ ਹਾਈਕੋਰਟ ਨੇ ‘ਆਪ’ ਦੇ 20 ਵਿਧਾਇਕਾਂ ਦੀ ਅਯੋਗਤਾ ਦੇ ਫੈਸਲੇ ‘ਤੇ ਸੁਣਵਾਈ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ ਹੋਣ ਤੱਕ ਦਿੱਲੀ ਵਿਚ ਉਪ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿਚ ਹਾਈਕੋਰਟ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਕੋਲੋਂ ਵੀ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਚੇਤੇ ਰਹੇ ਕਿ ਚੋਣ ਕਮਿਸ਼ਨ ਨੇ ਸੰਸਦੀ ਸਕੱਤਰ ਦੇ ਅਹੁਦੇ ਸਬੰਧੀ ‘ਆਪ’ ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਰਾਸ਼ਟਰਪਤੀ ਕੋਲ ਸਿਫਾਰਸ਼ ਭੇਜੀ ਸੀ ਤੇ ਰਾਸ਼ਟਰਪਤੀ ਨੇ ਇਸ ਨੂੰ ਮਨਜੂਰੀ ਵੀ ਦੇ ਦਿੱਤੀ ਸੀ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …