ਭਾਜਪਾ ਨੇ ਮਾਂ-ਪੁੱਤ ਨੂੰ ਕਾਰਜਕਾਰਨੀ ‘ਚੋਂ ਕੀਤਾ ਬਾਹਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਸ ਵਿਚੋਂ ਸੰਸਦ ਮੈਂਬਰ ਵਰੁਣ ਗਾਂਧੀ ਅਤੇ ਮੇਨਕਾ ਗਾਂਧੀ ਨੂੰ ਬਾਹਰ ਕਰ ਦਿੱਤਾ ਗਿਆ। ਅਜਿਹਾ ਇਸ ਕਰਕੇ ਹੋਇਆ ਕਿ ਵਰੁਣ ਗਾਂਧੀ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਸਨ। ਭਾਜਪਾ ਦੀ 80 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵੀ ਸ਼ਾਮਲ ਹਨ। ਧਿਆਨ ਰਹੇ ਕਿ ਭਾਜਪਾ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਲਖੀਮਪੁਰ ਖੀਰੀ ਘਟਨਾ ਦਾ ਕਥਿਤ ਵੀਡੀਓ ਟਵਿੱਟਰ ‘ਤੇ ਪੋਸਟ ਕੀਤਾ ਸੀ ਅਤੇ ਕਿਹਾ ਕਿ ਅੰਦੋਲਨਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਕਿਹਾ ਗਿਆ ਕਿ ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਗਿਆ ਹੈ, ਇਸਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਵਰੁਣ ਵਲੋਂ ਪੋਸਟ ਕੀਤੇ 37 ਸੈਕਿੰਡ ਦੇ ਵੀਡੀਓ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਜੀਪ ਲੋਕਾਂ ਨੂੰ ਪਿੱਛੇ ਤੋਂ ਦਰੜਦੀ ਹੋਈ ਦਿਖਾਈ ਦੇ ਰਹੀ ਹੈ। ਥਾਰ ਦੇ ਪਿੱਛੇ ਕਾਲੇ ਅਤੇ ਚਿੱਟੇ ਰੰਗ ਦੀਆਂ ਦੋ ਐੱਸਯੂਵੀ ਆਉਂਦੀਆਂ ਨਜ਼ਰ ਆ ਰਹੀਆਂ ਹਨ।