ਅਮਰੀਕਾ ’ਚ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਰਾਹੁਲ
ਕਰਨਾਲ/ਬਿਊੂਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਸ਼ੁੱਕਰਵਾਰ ਸਵੇਰੇ ਸਾਢੇ 5 ਵਜੇ ਅਚਾਨਕ ਹੀ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਘੋਘੜੀਪੁਰ ਪਹੁੰਚ ਗਏ। ਰਾਹੁਲ ਇੱਥੇ ਅਮਿਤ ਨਾਮ ਦੇ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਹਨ। ਧਿਆਨ ਰਹੇ ਕਿ ਅਮਿਤ ਨਾਮ ਦਾ ਇਹ ਨੌਜਵਾਨ ਕਰੀਬ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿਥੇ ਉਸਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਅਜੇ ਵੀ ਉਸਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਰਾਹੁਲ ਗਾਂਧੀ ਆਪਣੀ ਅਮਰੀਕਾ ਫੇਰੀ ਮੌਕੇ ਅਮਿਤ ਨੂੰ ਮਿਲੇ ਸਨ ਅਤੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਦੇ ਪਰਿਵਾਰ ਨੂੰ ਜਾ ਕੇ ਜ਼ਰੂਰ ਮਿਲਣਗੇ। ਇਸਦੇ ਚੱਲਦਿਆਂ ਰਾਹੁਲ ਅੱਜ ਸਵੇਰੇ ਪਿੰਡ ਘੋਘੜੀਪੁਰ ਪਹੁੰਚੇ ਜਿਥੇ ਉਹ ਕਰੀਬ ਇਕ ਘੰਟਾ ਅਮਿਤ ਦੇ ਪਰਿਵਾਰ ਨਾਲ ਰਹੇ। ਇਸ ਮੌਕੇ ਰਾਹੁਲ ਨੇ ਵੀਡੀਓ ਕਾਲ ਕਰਕੇ ਅਮਿਤ ਨਾਲ ਵੀ ਗੱਲ ਕੀਤੀ। ਰਾਹੁਲ ਦੇ ਕਰਨਾਲ ਪਹੁੰਚਣ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ ਅਤੇ ਅਮਿਤ ਦੇ ਪਰਿਵਾਰ ਵਾਲੇ ਵੀ ਹੈਰਾਨ ਸਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਵਿਧਾਨ ਸਭਾ ਲਈ ਵੋਟਾਂ 5 ਅਕਤੂਬਰ ਨੂੰ ਪੈਣੀਆਂ ਹਨ ਅਤੇ ਇਸ ਕਰਕੇ ਚੋਣ ਸਰਗਰਮੀਆਂ ਵੀ ਜ਼ੋਰਾਂ ’ਤੇ ਹਨ।