ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਸਨ ਗੁਰਦਾਸ ਮਾਨ
ਜਲੰਧਰ : ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੁਆਫੀ ਮੰਗ ਲਈ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿੳੂ ਵਿਚ ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਮੇਰੇ ਬੋਲਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਦੋ ਵਾਰ ਵਿਵਾਦਾਂ ਵਿਚ ਘਿਰ ਗਏ ਸਨ। ਇਕ ਵਾਰ ਵਿਦੇਸ਼ ਦੌਰੇ ਦੌਰਾਨ ਗੁਰਦਾਸ ਮਾਨ ਨੇ ਆਪਣੇ ਸ਼ੋਅ ਵਿਚ ਵਿਰੋਧ ਕਰ ਰਹੇ ਕੁਝ ਨੌਜਵਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਸੀ। ਇਸ ਤੋਂ ਪਹਿਲਾਂ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਗੁਰਦਾਸ ਮਾਨ ਨੇ ਕਿਹਾ ਸੀ ਕਿ ਪਹਿਲਾਂ ਹਿੰਦੀ ਤੇ ਫਿਰ ਪੰਜਾਬੀ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਨਕੋਦਰ ਵਿਚ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ ’ਚ ਸਟੇਜ ’ਤੇ ਕਿਹਾ ਸੀ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਹਨ। ਜਦੋਂ ਇਸ ਸਬੰਧੀ ਵੀਡੀਓ ਵਾਇਰਲ ਹੋਈ ਸੀ ਤਾਂ ਸਿੱਖ ਜਥੇਬੰਦੀਆਂ ਭੜਕ ਗਈਆਂ ਸਨ। ਇਸਦੇ ਚੱਲਦਿਆਂ ਗੁਰਦਾਸ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਗੁਰਦਾਸ ਮਾਨ ਨੇ ਹੁਣ ਮੁਆਫੀ ਮੰਗ ਲਈ ਹੈ।