ਇਕੋ ਮੰਚ ‘ਤੇ 13 ਸਰਕਾਰੀ ਸਕੀਮਾਂ ਲਈ ‘ਜਨ ਸਮਰੱਥ’ ਪੋਰਟਲ ਲਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਬੈਂਕਾਂ ਤੇ ਕਰੰਸੀ ਨੂੰ ਕੌਮਾਂਤਰੀ ਵਣਜ ਤੇ ਸਪਲਾਈ ਚੇਨ ਦਾ ਅਹਿਮ ਹਿੱਸਾ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਵਿੱਤੀ ਸੰਸਥਾਵਾਂ ਨੂੰ ਨਸੀਹਤ ਦਿੱਤੀ ਕਿ ਉਹ ਵਿੱਤੀ ਤੇ ਕਾਰਪੋਰੇਟ ਸੰਚਾਲਨ ਦੀਆਂ ਬਿਹਤਰ ਪ੍ਰਥਾਵਾਂ ਨੂੰ ਲਗਾਤਾਰ ਹੱਲਾਸ਼ੇਰੀ ਦੇਣ। ਮੋਦੀ ਇੱਥੇ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਤਹਿਤ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲਿਆਂ ਦੇ ‘ਆਇਕੌਨਿਕ ਹਫਤਾ’ ਸਮਾਗਮ ਦੇ ਉਦਘਾਟਨ ਮੌਕੇ ਬੋਲ ਰਹੇ ਸਨ।
ਮੋਦੀ ਨੇ ਕਿਹਾ ਕਿ ਭਾਰਤ ਨੇ ਕਈ ਸਾਂਝੇ ਵਿੱਤੀ ਮੰਚ ਵਿਕਸਤ ਕੀਤੇ ਹਨ ਤੇ ਇਨ੍ਹਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਂਝੇ ਵਿੱਤੀ ਪ੍ਰਬੰਧਾਂ ਦਾ ਆਲਮੀ ਪੱਧਰ ‘ਤੇ ਵਿਸਥਾਰ ਕਰਨ ਦੇ ਯਤਨ ਹੋਣੇ ਚਾਹੀਦੇ ਹਨ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਬੈਂਕ, ਸਾਡੀ ਮੁਦਰਾ ਕੌਮਾਂਤਰੀ ਸਪਲਾਈ ਲੜੀ ਦੇ ਕੌਮਾਂਤਰੀ ਵਪਾਰ ਦਾ ਵਿਆਪਕ ਹਿੱਸਾ ਕਿਵੇਂ ਬਣੇ, ਇਸ ਪਾਸੇ ਵੀ ਧਿਆਨ ਕੇਂਦਰਤ ਕਰਨਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਅਸੀਂ ਇਹ ਸਾਬਤ ਕੀਤਾ ਹੈ ਕਿ ਜੇਕਰ ਭਾਰਤ ਨੇ ਸਾਂਝੇ ਰੂਪ ਵਿੱਚ ਕੁਝ ਕਰਨ ਦਾ ਫੈਸਲਾ ਲਿਆ ਹੈ, ਤਾਂ ਭਾਰਤ ਕੁੱਲ ਆਲਮ ਲਈ ਇਕ ਨਵੀਂ ਆਸ ਬਣਿਆ ਹੈ। ਅੱਜ ਵਿਸ਼ਵ, ਭਾਰਤ ਵੱਲ ਮਹਿਜ਼ ਇਕ ਵੱਡੇ ਖਪਤਕਾਰ ਬਾਜ਼ਾਰ ਵਜੋਂ ਨਹੀਂ ਬਲਕਿ ਇਸ ਆਸ ਤੇ ਵਿਸ਼ਵਾਸ ਨਾਲ ਵੇਖ ਰਿਹਾ ਹੈ ਕਿ ਉਹ ਸਮਰੱਥ, ਬਾਜ਼ੀ ਪਲਟਣ ਵਾਲਾ ਤੇ ਸਿਰਜਣਾਤਮਕ ਹੈ।
ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਜਨ ਸਮਰੱਥ ਪੋਰਟਲ’ ਵੀ ਲਾਂਚ ਕੀਤਾ, ਜਿਸ ਤਹਿਤ 13 ਵੱਖ-ਵੱਖ ਸਰਕਾਰੀ ਸਕੀਮਾਂ ਲਈ ਨੌਜਵਾਨਾਂ, ਉੱਦਮੀਆਂ ਤੇ ਕਿਸਾਨਾਂ ਨੂੰ ਕਰਜ਼ਿਆਂ ਦੀ ਸਹੂਲਤ ਮਿਲੇਗੀ। ‘ਜਨ ਸਮਰਥ’ ਪੋਰਟਲ ਦਾ ਮੁੱਖ ਮਕਸਦ ਨਾਗਰਿਕਾਂ ਲਈ 13 ਸਰਕਾਰੀ ਯੋਜਨਾਵਾਂ ਨੂੰ ਇੱਕ ਮੰਚ ‘ਤੇ ਲਿਆ ਕੇ ਉਨ੍ਹਾਂ ਤੱਕ ਪਹੁੰਚ ਨੂੰ ਡਿਜੀਟਲ ਮਾਧਿਅਮਾਂ ਰਾਹੀਂ ਆਸਾਨ ਤੇ ਸਰਲ ਬਣਾਉਣਾ ਹੈ।
ਪ੍ਰਧਾਨ ਮੰਤਰੀ ਵੱਲੋਂ ਨਵੇਂ ਸਿੱਕੇ ਜਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਿਆਂ ਦੀ ਇੱਕ ਨਵੀਂ ਸੀਰੀਜ਼ ਜਾਰੀ ਕੀਤੀ, ਜੋ ‘ਦ੍ਰਿਸ਼ਟੀਹੀਣਾਂ ਦੇ ਅਨੁਕੂਲ’ ਵੀ ਹੈ। ਇਹ ਸਿੱਕੇ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਹਨ ਅਤੇ ਇਨ੍ਹਾਂ ‘ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਡਿਜ਼ਾਈਨ ਬਣਿਆ ਹੈ। ਮੋਦੀ ਨੇ ਕਿਹਾ ਕਿ ਇਹ ਨਵੇਂ ਸਿੱਕੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਅੰਮ੍ਰਿਤਕਾਲ ਦੇ ਟੀਚੇ ਯਾਦ ਦਿਵਾਉਂਦੇ ਰਹਿਣਗੇ ਅਤੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਲਈ ਪ੍ਰੇਰਿਤ ਕਰਨਗੇ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …