Breaking News
Home / ਭਾਰਤ / ਕਸ਼ਮੀਰੀ ਪੰਡਿਤਾਂ ਦਾ ਸੁਰੱਖਿਆ ਢਾਂਚੇ ਤੋਂ ਉਠਿਆ ਵਿਸ਼ਵਾਸ

ਕਸ਼ਮੀਰੀ ਪੰਡਿਤਾਂ ਦਾ ਸੁਰੱਖਿਆ ਢਾਂਚੇ ਤੋਂ ਉਠਿਆ ਵਿਸ਼ਵਾਸ

ਟਾਰਗੈਟ ਕਿਲਿੰਗ ਦੀਆਂ ਘਟਨਾਵਾਂ ਤੋਂ ਬਾਅਦ ਕਸ਼ਮੀਰੀ ਪੰਡਿਤਾਂ ਨੇ ਕੀਤੀ ਹਿਜ਼ਰਤ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ‘ਚ ਤਿੰਨ ਦਹਾਕਿਆਂ ਤੱਕ ਦਹਿਸ਼ਤਗਰਦੀ ਦਾ ਦਲੇਰੀ ਨਾਲ ਮੁਕਾਬਲਾ ਕਰਨ ਵਾਲੇ ਕਸ਼ਮੀਰੀ ਪੰਡਿਤ, ਜਿਨ੍ਹਾਂ 1990ਵਿਆਂ ਵਿੱਚ ਵੀ ਵਾਦੀ ‘ਚੋਂ ਹਿਜਰਤ ਨਹੀਂ ਕੀਤੀ, ਦਾ ਹੁਣ ਖਿੱਤੇ ਵਿੱਚ ਮੌਜੂਦਾ ਸੁਰੱਖਿਆ ਢਾਂਚੇ ਤੋਂ ਇਤਬਾਰ ਖਤਮ ਹੋਣ ਲੱਗਾ ਹੈ। ਕਸ਼ਮੀਰ ਵਿੱਚ ਟਾਰਗੈੱਟ ਕਿਲਿੰਗਜ਼ ਦੇ ਨਾਂ ਉੱਤੇ ਆਮ ਲੋਕਾਂ ਦੀਆਂ ਹੱਤਿਆਵਾਂ ਨੇ ਉਨ੍ਹਾਂ ਨੂੰ ਕਸ਼ਮੀਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਦੀ ਆਮਦੋ-ਰਫਤ ‘ਤੇ ਪਾਬੰਦੀ ਲੱਗ ਗਈ ਹੈ ਤੇ ਇਨ੍ਹਾਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਕਿ ‘ਅਸੁਰੱਖਿਆ ਦੀ ਅਸਾਧਾਰਨ ਭਾਵਨਾ’ ਉਨ੍ਹਾਂ ਨੂੰ ਵਾਦੀ ‘ਚੋਂ ਹਿਜਰਤ ਵੱਲ ਧੱਕ ਰਹੀ ਹੈ। ਸਾਲ 2019 ਵਿੱਚ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਭਾਜਪਾ ਵੱਲੋਂ ਮਨਸੂਖ ਕੀਤੇ ਜਾਣ ਮਗਰੋਂ ਭੁਰਦੇ ਸਿਆਸੀ ਤਾਣੇ-ਬਾਣੇ ਤੇ ਤਾਕਤਵਰ ਅਫਸਰਸ਼ਾਹੀ ਨੇ ਜੰਮੂ ਕਸ਼ਮੀਰ ‘ਚ ਹੀ ਰਹਿੰਦੇ ਆ ਰਹੇ ਕਸ਼ਮੀਰੀ ਪੰਡਿਤਾਂ ਦੀ ਆਵਾਜ਼ ਨੂੰ ਖਾਮੋਸ਼ ਕਰ ਛੱਡਿਆ ਹੈ। ਉਨ੍ਹਾਂ ਨੂੰ ਅਜਿਹਾ ਕੋਈ ਹੱਲ ਨਜ਼ਰ ਨਹੀਂ ਆਉਂਦਾ, ਜੋ ਉਨ੍ਹਾਂ ਨੂੰ ਇਥੇ ਟਿਕੇ ਰਹਿਣ ਲਈ ਹੱਲਾਸ਼ੇਰੀ ਦੇ ਸਕੇ।
ਰਤਨ ਚਾਕੂ ਨਾਂ ਦੇ ਕਸ਼ਮੀਰੀ ਪੰਡਿਤ ਨੇ ਦੱਸਿਆ, ”ਅਸੀਂ ਹਰ ਤਰ੍ਹਾਂ ਦੇ ਹਾਲਾਤ ਦਾ ਟਾਕਰਾ ਕਰਦਿਆਂ ਇੱਥੇ ਹੀ ਰਹੇ ਤੇ ਇੰਨੇ ਸਾਲ ਦੋਵਾਂ ਭਾਈਚਾਰਿਆਂ ਦਰਮਿਆਨ ਖੱਪੇ ਨੂੰ ਪੂਰਨ ਦਾ ਯਤਨ ਕਰਦੇ ਰਹੇ, ਪਰ ਹੁਣ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਹਾਂ ਕਿ ਕਸ਼ਮੀਰ ਤੁਹਾਡੇ ਲਈ ਸੁਰੱਖਿਅਤ ਨਹੀਂ ਰਿਹਾ।” ਕਸ਼ਮੀਰ ਵਿੱਚ 808 ਦੇ ਕਰੀਬ ਗੈਰ-ਪਰਵਾਸੀ ਕਸ਼ਮੀਰੀ ਪਰਿਵਾਰ ਰਹਿੰਦੇ ਹਨ, ਇਨ੍ਹਾਂ ਵਿਚੋਂ ਬਹੁ-ਗਿਣਤੀ ਘੋਰ ਗਰੀਬੀ ਵਿੱਚ ਰਹਿ ਰਹੇ ਹਨ ਤੇ ਉਨ੍ਹਾਂ ਦੇ ਬੱਚੇ ਬੇਰੁਜ਼ਗਾਰ ਹਨ। ਸ੍ਰੀਨਗਰ ਦੇ ਗਨਪਤਯਾਰ ਇਲਾਕੇ ਵਿੱਚ ਰਹਿੰਦਾ ਚਾਕੂ (52) ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦਾ ਹੈ ਤੇ ਇੰਜਨੀਅਰਿੰਗ ਦੀ ਡਿਗਰੀ ਦੇ ਬਾਵਜੂਦ ਉਸ ਦੇ ਦੋਵੇਂ ਪੁੱਤਰ ਬੇਰੁਜ਼ਗਾਰ ਹਨ। ਚਾਕੂ ਨੇ ਕਿਹਾ, ”ਪਰਵਾਸੀਆਂ ਨੂੰ ਸਬਸਿਡੀ ਅਤੇ ਸਿੱਖਿਆ ਤੇ ਨੌਕਰੀਆਂ ‘ਚ ਰਾਖਵਾਂਕਰਨ ਮਿਲਦਾ ਹੈ, ਪਰ ਕਈ ਗੈਰ-ਪਰਵਾਸੀ ਪੰਡਿਤ ਪਰਿਵਾਰ ਹਨ, ਜਿਨ੍ਹਾਂ ਕੋਲ ਖਾਣ ਲਈ ਲੋੜੀਂਦਾ ਭੋਜਨ ਵੀ ਨਹੀਂ ਹੈ। ਸਰਕਾਰ ਨੂੰ ਇਨ੍ਹਾਂ ਦੇ ਭਲੇ ਦੀ ਕੋਈ ਫਿਕਰ ਨਹੀਂ।” ਉਸ ਨੇ ਕਿਹਾ, ”1990ਵਿਆਂ ਵਿੱਚ ਸਾਨੂੰ ਸੁਰੱਖਿਅਤ ਜ਼ਿੰਦਗੀ ਜਿਊਣ ਦੀ ਆਸ ਸੀ, ਪਰ ਹੁਣ ਅਜਿਹੇ ਹਾਲਾਤ ਹਨ, ਜਿਨ੍ਹਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਸਾਡੇ ਬੱਚਿਆਂ ਲਈ ਕੋਈ ਭਵਿੱਖ ਨਹੀਂ ਹੈ।” ਚਾਕੂ ਨੇ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਆਮ ਲੋਕਾਂ ਦੀਆਂ ਹੱਤਿਆਵਾਂ ਨੇ ਕਸ਼ਮੀਰ ਵਿੱਚ ਖੌਫ ਦਾ ਅਸਾਧਾਰਨ ਮਾਹੌਲ ਸਿਰਜ ਦਿੱਤਾ ਹੈ। ਕਸ਼ਮੀਰੀ ਪੰਡਿਤ ਸੰਘਰਸ਼ ਸਮਿਤੀ (ਕੇਪੀਐੱਸਐੱਸ) ਦੇ ਪ੍ਰਧਾਨ ਸੰਜੈ ਟਿੱਕੂ ਪਿਛਲੇ ਸਾਲ ਅਕਤੂਬਰ ਤੋਂ ਸ੍ਰੀਨਗਰ ਵਿੱਚ ਬਾਰਬਰਸ਼ਾਹ ਇਲਾਕੇ ਵਿਚਲੇ ਆਪਣੇ ਘਰ ‘ਚੋਂ ਨਹੀਂ ਨਿਕਲ ਸਕੇ। ਟਿੱਕੂ ਨੇ ਦੱਸਿਆ, ”ਪੁਲਿਸ ਨੇ ਮੈਨੂੰ ਦੱਸਿਆ ਹੈ ਕਿ ਅੱਤਵਾਦੀਆਂ ਤੋਂ ਮੇਰੀ ਜਾਨ ਨੂੰ ਖ਼ਤਰਾ ਹੈ। ਅਕਤੂਬਰ ਤੋਂ ਬਾਅਦ ਮੈਂ ਆਪਣੇ ਘਰੋਂ ਬਾਹਰ ਕਦਮ ਨਹੀਂ ਰੱਖਿਆ।” ਕਸ਼ਮੀਰ ਵਿੱਚ ਮੁਸਲਿਮ ਬਹੁ-ਗਿਣਤੀ ਵਾਲੇ ਰਿਹਾਇਸ਼ੀ ਇਲਾਕਿਆਂ ਵਿੱਚ ਰਹਿੰਦੇ ਹੋਰਨਾਂ ਗੈਰ-ਪਰਵਾਸੀ ਕਸ਼ਮੀਰੀ ਪੰਡਿਤਾਂ ਨੇ ਵੀ ਕਸ਼ਮੀਰ ਦੇ ਨਿੱਘਰਦੇ ਸੁਰੱਖਿਆ ਹਾਲਾਤ ਕਰਕੇ ਆਪਣੀ ਆਮਦੋ-ਰਫਤ ਸੀਮਤ ਕਰ ਦਿੱਤੀ ਹੈ। ਟਿੱਕੂ ਨੇ ਕਿਹਾ ਕਿ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਨੂੰ ਸਿਆਸੀ ਖਲਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਆਸੀ ਸਰਕਾਰਾਂ ਵਿੱਚ ਸਾਡੀ ਇਕ ਆਵਾਜ਼ ਹੁੰਦੀ ਸੀ, ਪਰ ਹੁਣ ਇਹ ਅਫਸਰਸ਼ਾਹ ਕਿਸੇ ਦੀ ਨਹੀਂ ਸੁਣਦੇ। ਉਹ ਆਪਣੀ ਮਨਮਰਜ਼ੀ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਚਲਾ ਰਹੇ ਹਨ। ਅਸੀਂ ਕਿਸੇ ਕੋਲ ਨਹੀਂ ਜਾ ਸਕਦੇ।”
ਟਿੱਕੂ ਨੇ ਕਿਹਾ ਕਿ ਨਿੱਜੀ ਮੁਫ਼ਾਦਾਂ ਕਰਕੇ ਕੁਝ ਲੋਕ ਨਹੀਂ ਚਾਹੁੰਦੇ ਕਿ ਕਸ਼ਮੀਰ ਵਿੱਚ ਹਾਲਾਤ ਆਮ ਵਾਂਗ ਹੋਣ ਕਿਉਂਕਿ ਜੇਕਰ ਅਜਿਹਾ ਹੋ ਗਿਆ ਤਾਂ ਉਨ੍ਹਾਂ ਦੀ ਸਿਆਸਤ ਦਾ ਭੋਗ ਪੈ ਜਾਵੇਗਾ ਤੇ ਅਫ਼ਸਰਸ਼ਾਹੀ ਪਿੱਛਲ ਪੈਰੀਂ ਹੋ ਜਾਵੇਗੀ।”
ਪਹਿਲੀ ਮਈ ਤੋਂ ਹੁਣ ਤੱਕ 9 ਹੱਤਿਆਵਾਂ
2 ਜੂਨ : ਕੁਲਗਾਮ ‘ਚ ਰਾਜਸਥਾਨ ਦੇ ਬੈਂਕ ਮੈਨੇਜਰ ਤੇ ਬੜਗਾਮ ‘ਚ ਬਿਹਾਰ ਦੇ ਪਰਵਾਸੀ ਮਜ਼ਦੂਰ ਦੀ ਹੱਤਿਆ
31 ਮਈ : ਕੁਲਗਾਮ ਦੇ ਸਾਂਬਾ ‘ਚ ਮਹਿਲਾ ਅਧਿਆਪਕ ਦੀ ਹੱਤਿਆ
25 ਮਈ : ਬੜਗਾਮ ‘ਚ ਸੋਸ਼ਲ ਮੀਡੀਆ ਆਰਟਿਸਟ ਅਮਰੀਨ ਭੱਟ ਦੀ ਉਸ ਦੇ ਘਰ ‘ਚ ਹੱਤਿਆ
24 ਮਈ : ਸ੍ਰੀਨਗਰ ‘ਚ ਪੁਲੀਸ ਮੁਲਾਜ਼ਮ ਦੀ ਹੱਤਿਆ, ਧੀ ਜ਼ਖਮੀ
17 ਮਈ : ਗ੍ਰਨੇਡ ਹਮਲੇ ਵਿੱਚ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਕਰਿੰਦੇ ਦੀ ਹੱਤਿਆ
13 ਮਈ : ਪੁਲਵਾਮਾ ਵਿੱਚ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰੀ
12 ਮਈ : ਬੜਗਾਮ ‘ਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਨੂੰ ਦਫ਼ਤਰ ‘ਚ ਗੋਲੀ ਮਾਰੀ
7 ਮਈ : ਸ੍ਰੀਨਗਰ ‘ਚ ਬਿਨਾਂ ਹਥਿਆਰ ਵਾਲੇ ਪੁਲੀਸ ਮੁਲਾਜ਼ਮ ਦੀ ਹੱਤਿਆ
ਬਿੰਦਰੂ ਦੀ ਹੱਤਿਆ ਨਾਲ ਸ਼ੁਰੂ ਹੋਇਆ ਸੀ ਟਾਰਗੈੱਟ ਕਿਲਿੰਗ ਦਾ ਸਿਲਸਿਲਾ
ਕਸ਼ਮੀਰ ਵਾਦੀ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਪਿਛਲੇ ਸਾਲ ਅਕਤੂਬਰ ਵਿੱਚ ਸ੍ਰੀਨਗਰ ‘ਚ ਉੱਘੇ ਕਸ਼ਮੀਰੀ ਕੈਮਿਸਟ ਮੱਖਣ ਲਾਲ ਬਿੰਦਰੂ ਦੀ ਹੱਤਿਆ ਨਾਲ ਸ਼ੁਰੂ ਹੋਇਆ ਸੀ। ਸਾਲ 2003 ਵਿੱਚ ਨਦੀਮਾਰਗ ਕਤਲੇਆਮ ਮਗਰੋਂ ਇਹ ਵਾਦੀ ਵਿੱਚ ਕਿਸੇ ਗੈਰ-ਪਰਵਾਸੀ ਕਸ਼ਮੀਰੀ ਪੰਡਿਤ ਦੀ ਪਹਿਲੀ ਹੱਤਿਆ ਸੀ। ਬਿੰਦਰੂ ਦੀ ਹੱਤਿਆ ਨਾਲ ਪਰਵਾਸੀ ਕਸ਼ਮੀਰੀ ਪੰਡਿਤ ਭਾਵੇਂ ਵਿਰੋਧ ਪ੍ਰਦਰਸ਼ਨਾਂ ਲਈ ਸੜਕਾਂ ‘ਤੇ ਨਹੀਂ ਉਤਰੇ, ਪਰ ਭਾਈਚਾਰਾ ਦੋ ਸਮੂਹਾਂ ‘ਚ ਜ਼ਰੂਰ ਵੰਡਿਆ ਗਿਆ।

 

Check Also

ਮੋਦੀ ਕੈਬਨਿਟ ਨੇ ‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ’ਚ ਪੇਸ਼ ਕੀਤਾ ਜਾਵੇਗਾ ਬਿਲ ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ …