Breaking News
Home / ਪੰਜਾਬ / ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ ਦਾ ਮੁੜ ਸੰਭਾਲਿਆ ਕੰਮਕਾਜ

ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ ਦਾ ਮੁੜ ਸੰਭਾਲਿਆ ਕੰਮਕਾਜ

ਨਰਾਜ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਨੇ ਫਿਰ ਮਨਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵਲੋਂ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਵਿਚ ਮੁੜ ਆਪਣਾ ਦਫ਼ਤਰ ਸੰਭਾਲ ਲਿਆ ਗਿਆ ਹੈ। ਉਨ੍ਹਾਂ ਕਰੀਬ 10 ਮਹੀਨਿਆਂ ਮਗਰੋਂ ਮੁੱਖ ਮੰਤਰੀ ਦਫ਼ਤਰ ਵਿਚ ਮੁੜ ਵਾਪਸੀ ਕੀਤੀ। ਉਨ੍ਹਾਂ ਬਾਕਾਇਦਾ ਆਪਣਾ ਦਫ਼ਤਰ ਖੁੱਲ੍ਹਵਾ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਜਿਸ ਨਾਲ ਮੁੱਖ ਮੰਤਰੀ ਦਫ਼ਤਰ ਵਿਚ ਰੌਣਕਾਂ ਪਰਤ ਆਈਆਂ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਵਲੋਂ ਪਿਛਲੇ ਸਾਲ ਸਤੰਬਰ ਮਹੀਨੇ ਆਪਣੇ ਦਫ਼ਤਰ ਵਿਚ ਆਉਣਾ ਬੰਦ ਕਰਕੇ ਕੰਮਕਾਜ ਪੰਜਾਬ ਭਵਨ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ। ਹੁਣ ਜਿਉਂ ਹੀ ਉਨ੍ਹਾਂ ਆਪਣੇ ਦਫ਼ਤਰ ਵਿਚ ਬੈਠ ਕੇ ਕੰਮਕਾਜ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਮਿਲਣ ਵਾਲਿਆਂ ਨੇ ਵੀ ਉਨ੍ਹਾਂ ਦੇ ਦਫ਼ਤਰ ਵੱਲ ਨੂੰ ਰੁੱਖ ਕਰ ਲਿਆ ਅਤੇ ਮੁੱਖ ਮੰਤਰੀ ਦਫ਼ਤਰ ਵਿਚ ਚਹਿਲ ਪਹਿਲ ਵਧੀ ਦੇਖੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਵਾਰ ਪੰਜਾਬ ਸਰਕਾਰ ਦੇ ਹਲਕਿਆਂ ਅਤੇ ਅਫ਼ਸਰਸ਼ਾਹੀ ਵਿਚ ਸੁਰੇਸ਼ ਕੁਮਾਰ ਵਲੋਂ ਆਪਣੇ ਅਹੁਦੇ ਦਾ ਕੰਮ ਛੱਡ ਦਿੱਤੇ ਜਾਣ ਦਾ ਮੁੱਦਾ ਵੱਡੀ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ ਅਤੇ ਮੁੱਖ ਮੰਤਰੀ ਵਲੋਂ ਹਰ ਵਾਰ ਉਨ੍ਹਾਂ ਨੂੰ ਮਨਾ ਕੇ ਵਾਪਸ ਲਿਆਂਦਾ ਗਿਆ। ਪਿਛਲੇ ਹਫ਼ਤੇ ਵੀ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਅਤੇ ਆਪਣੀ ਸਰਕਾਰੀ ਗੱਡੀ ਵਾਪਸ ਭੇਜ ਦੇਣ ਦਾ ਮੁੱਦਾ ਚਰਚਾ ਵਿਚ ਆਇਆ ਸੀ। ਇਸ ਤੋਂ ਪਹਿਲਾਂ ਵੀ ਸੁਰੇਸ਼ ਕੁਮਾਰ ਵਲੋਂ ਇਕ ਦੋ ਵਾਰ ਅਹੁਦਾ ਛੱਡਣ ਦੀ ਕੀਤੀ ਗਈ ਪੇਸ਼ਕਸ਼ ਨੂੰ ਮੁੱਖ ਮੰਤਰੀ ਨੇ ਰੱਦ ਕਰਦਿਆਂ ਉਨ੍ਹਾਂ ਨੂੰ ਅਹੁਦੇ ‘ਤੇ ਬਰਕਰਾਰ ਰੱਖਣ ਲਈ ਮਨਾ ਲਿਆ ਸੀ। ਦੱਸਣਯੋਗ ਹੈ ਕਿ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨਾਲ ਲੰਘੀ 20 ਜੁਲਾਈ ਨੂੰ ਉਨ੍ਹਾਂ ਦੇ ਫਾਰਮ ਹਾਊਸ ‘ਤੇ ਇਕੱਲਿਆਂ ਇਕ ਲੰਮੀ ਮੀਟਿੰਗ ਕੀਤੀ ਸੀ। ਸਰਕਾਰੀ ਸੂਤਰਾਂ ਅਨੁਸਾਰ ਉਸ ਮੀਟਿੰਗ ਦੌਰਾਨ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਮਗਰਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਕੰਮਕਾਜ ਵਿਚ ਦਬਾਅ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਅਜਿਹੇ ਹਲਾਤ ਵਿਚ ਅੱਗੇ ਕੰਮ ਕਰਨ ਲਈ ਤਿਆਰ ਨਹੀਂ ਹਨ, ਜਦਕਿ ਉਹ ਪਹਿਲਾਂ ਹੀ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਪਰ ਮੁੱਖ ਮੰਤਰੀ ਵਲੋਂ ਆਖ਼ਰ ਇਸ ਵਾਰ ਉਨ੍ਹਾਂ ਦੇ ਸਾਰੇ ਗਿਲੇ ਸ਼ਿਕਵੇ ਦੂਰ ਕਰਦਿਆਂ ਉਨ੍ਹਾਂ ਨੂੰ ਮਨਾ ਲਿਆ ਗਿਆ।

Check Also

ਪੰਜਾਬ ਪੰਚਾਇਤੀ ਰਾਜ ਬਿਲ 2024 ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ’ਚ ਕਰਵਾਈਆਂ ਜਾ ਸਕਦੀਆਂ ਨੇ ਪੰਚਾਇਤੀ ਚੋਣਾਂ ਚੰਡੀਗੜ੍ਹ/ਬਿਊਰੋ ਨਿਊਜ਼ : …