ਮਲਿਕਾ ਅਰਜੁਨ ਖੜਗੇ ਬੋਲੇ : ਮੋਦੀ ਅਗਲੀ ਵਾਰ ਆਪਣੇ ਘਰ ’ਤੇ ਝੰਡਾ ਲਹਿਰਾਉਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : 77ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਅਗਲੀ ਵਾਰ 15 ਅਗਸਤ ਨੂੰ ਫਿਰ ਇਸੇ ਲਾਲ ਕਿਲੇ ਤੋਂ ਤੁਹਾਡੇ ਸਾਹਮਣੇ ਦੇਸ਼ ਦੀਆਂ ਪ੍ਰਾਪਤੀਆਂ ਪੇਸ਼ ਕਰਾਂਗਾ। ਪ੍ਰਧਾਨ ਮੰਤਰੀ ਵੱਲੋਂ ਅਗਲੇ ਸਾਲ 15 ਅਗਸਤ ਨੂੰ ਝੰਡਾ ਲਹਿਰਾਉਣ ਅਤੇ ਦੇਸ਼ ਵਾਸੀਆਂ ਨੂੰ ਦੇਸ਼ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਤੰਜ ਕਸਿਆ ਹੈ। ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਵਾਰ ਆਪਣੇ ਘਰ ’ਤੇ ਝੰਡਾ ਲਹਿਰਾਉਣਗੇ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਕਹਿੰਦਾ ਹੈ ਕਿ ਅਸੀਂ ਵਾਰ-ਵਾਰ ਜਿੱਤ ਕੇ ਆਵਾਂਗੇ ਪ੍ਰੰਤੂ ਜਿੱਤ-ਹਾਰ ਜਨਤਾ ਦੇ ਹੱਥ ਵਿਚ ਹੈ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 2023 ’ਚ ਹੀ ਕਹਿ ਦੇਣਾ ਕਿ ਉਹ 2024 ਫਿਰ ਝੰਡਾ ਲਹਿਰਾਉਣਗੇ ਇਹ ਹੰਕਾਰ ਵਾਲੀ ਗੱਲ ਹੈ ਅਤੇ ਜੇਕਰ ਪ੍ਰਧਾਨ ਮੰਤਰੀ ਅਜ਼ਾਦੀ ਦਿਹਾੜੇ ਮੌਕੇ ਵੀ ਵਿਰੋਧੀ ਧਿਰਾਂ ’ਤੇ ਟਿੱਪਣੀ ਕਰਦੇ ਹਨ ਤਾਂ ਦੇਸ਼ ਦਾ ਨਿਰਮਾਣ ਕਿਸ ਤਰ੍ਹਾਂ ਹੋਵੇਗਾ। ਉਧਰ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਨੇ ਵੀ ਇਸ ਮਾਮਲੇ ’ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ ਸਾਲ ਲਾਲ ਕਿਲੇ ’ਤੇ ਝੰਡਾ ਨਹੀਂ ਲਹਿਰਾ ਸਕਣਗੇ ਕਿਉਂਕਿ ਅਸੀਂ 2024 ਸੱਤਾ ਸੰਭਾਲਾਂਗੇ।