ਲੁਧਿਆਣਾ ਜੇਲ੍ਹ ’ਚ ਹੋਈ ਬਰਥ ਡੇਅ ਪਾਰਟੀ ਨੇ ਪੰਜਾਬ ਦੀ ਸਿਆਸਤ ਗਰਮਾਈ
ਨਵਜੋਤ ਸਿੱਧੂ ਨੇ ਜੇਲ੍ਹ ਮੰਤਰੀ ਨੂੰ ਦੱਸਿਆ ਫੇਲ੍ਹ, ਭਾਜਪਾ ਬੋਲੀ ਕੀ ਇਹੀ ਬਦਲਾਅ ਹੈ
ਚੰਡੀਗੜ੍ਹ/ਬਿਊਰੋ ਨਿਊਜ਼ :
ਲੁਧਿਆਣਾ ਜੇਲ੍ਹ ’ਚ ਹੋਈ ਕੈਦੀ ਦੀ ਬਰਥ ਡੇਅ ਪਾਰਟੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜੇਲ੍ਹ ਮੰਤਰੀ ਨੂੰ ਸਵਾਲ ਕੀਤਾ ਕਿ ਆਖਰ 5ਜੀ ਜੈਮਰ ਕਿੱਥੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਮੈਨੂਅਲ ਅਨੁਸਾਰ 6 ਕੈਦੀਆਂ ਦੇ ਲਈ ਇਕ ਜ਼ਿੰਮੇਵਾਰ ਅਧਿਕਾਰੀ ਹੋਣਾ ਚਾਹੀਦਾ ਹੈ ਜਦਕਿ ਪੰਜਾਬ ਦੀਆਂ ਜੇਲ੍ਹਾਂ ’ਚ 26 ਕੈਦੀਆਂ ਨੂੰ ਇਕ ਅਧਿਕਾਰੀ ਸੰਭਾਲ ਰਿਹਾ ਹੈ। ਇੰਨਾ ਘੱਟ ਸਟਾਫ਼ ਤੁਸੀਂ ਜੇਲ੍ਹਾਂ ’ਚ ਫੇਲ੍ਹ ਮੰਤਰੀ ਹੋ ਜਾਗੋ ਜਨਾਬ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਜੇਲ੍ਹ ਤੋਂ ਵਾਇਰਲ ਹੋਈ ਵੀਡੀਓ ’ਤੇ ਤੰਜ ਕਸਦਿਆਂ ਕਿਹਾ ਕਿ ਇਸ ’ਤੇ ਟਿੱਪਣੀ ਕਰਨ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਕੈਦੀਆਂ ਦਾ ਵਾਇਰਲ ਵੀਡੀਓ ਪੰਜਾਬ ਦੀ ਫੇਲ ਕਾਨੂੰਨ ਵਿਵਸਥਾ ਨੂੰ ਸਾਬਤ ਕਰਨ ਕਾਫ਼ੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੁੱਖ ਮੰਤਰੀ ਦੇ ਨਾਂ ਅੱਗੇ ਲਿਖਿਆ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਧਰ ਭਾਜਪਾ ਆਗੂ ਅਰਵਿੰਦ ਖੰਨਾ ਨੇ ਕਿਹਾ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ’ਚ ਪਾਰਟੀ ਚੱਲ ਰਹੀ ਹੈ ਅਤੇ ਕੈਦੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜੋ ਬਦਲਾਅ ਦਾ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਲਿਆਂਦਾ ਗਿਆ ਇਹੀ ਬਦਲਾਅ ਹੈ।