ਹਰਿਆਣਾ ਦੀਆਂ 500 ਵਿਦਿਆਰਥਣਾਂ ਨੇ ਗੁੰਮਨਾਮ ਚਿੱਠੀ ਲਿਖ ਪ੍ਰੋਫੈਸਰ ’ਤੇ ਲਾਏ ਛੇੜਛਾੜ ਦੇ ਆਰੋਪ
ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦਾ ਹੈ ਮਾਮਲਾ
ਸਿਰਸਾ/ਬਿਊਰੋ ਨਿਊਜ਼ :
ਹਰਿਆਣਾ ਦੇ ਜ਼ਿਲ੍ਹਾ ਸਿਰਸਾ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ’ਤੇ ਵਿਦਿਆਰਥਣਾਂ ਨੇ ਜਿਣਸੀ ਸ਼ੋਸ਼ਣ ਅਤੇ ਛੇੜਛਾੜ ਦੇ ਆਰੋਪ ਲਗਾਏ ਹਨ। ਯੂਨੀਵਰਸਿਟੀ ਦੇ ਇਕ ਵਿਭਗ ਦੀਆਂ ਵਿਦਿਆਰਥਣਾਂ ਵੱਲੋਂ ਇਸ ਸਬੰਧੀ ਇਕ ਗੁੰਮਨਾਮ ਚਿੱਠੀ ਵੀ ਲਿਖੀ ਗਈ ਹੈ। ਇਸ ਚਿੱਠੀ ’ਚ ਵਿਦਿਆਰਥਣਾਂ ਨੇ ਲਿਖਿਆ ਕਿ ਇਸ ਵਿਭਾਗ ’ਚ ਲਗਭਗ 500 ਵਿਦਿਆਰਥਣਾਂ ਪੜ੍ਹਦੀਆਂ ਹਨ ਅਤੇ ਇਸੇ ਵਿਭਾਗ ਦੇ ਇਕ ਪ੍ਰੋਫੈਸਰ ਨੇ ਉਨ੍ਹਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਨੇ ਚਿੱਠੀ ’ਚ ਲਿਖਿਆ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਲਗਾਉਣ ਵਾਲੀ ਸਰਕਾਰ ਸਾਨੂੰ ਸ਼ੈਤਾਨ ਡੀਨ ਕੋਲੋਂ ਬਚਾਵੇ। ਵਿਦਿਆਰਥਣਾਂ ਵੱਲੋਂ ਇਹ ਗੁੰਮਨਾਮ ਚਿੱਠੀ ਕੌਮੀ ਮਹਿਲਾ ਕਮਿਸ਼ਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਰਾਜਪਾਲ ਅਤੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ-ਨਾਲ ਹਰਿਆਣਾ ਦੇ ਗ੍ਰਹਿ ਵਿਭਾਗ ਨੂੰ ਵੀ ਭੇਜੀ ਗਈ। ਵਿਦਿਆਰਥਣਾਂ ਨੇ ਇਸ ਪੂਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਜਦੋਂ ਇਸ ਮਾਮਲੇ ’ਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਮੇਰ ਸਿੰਘ ਮਲਿਕ ਨਾਲ ਗੱਲਬਾਤ ਗਈ ਤਾਂ ਉਨ੍ਹਾਂ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜਦਕਿ ਮਾਮਲੇ ਨਾਲ ਸਬੰਧਤ ਪ੍ਰੋਫੈਸਰ ਨੇ ਆਪਣਾ ਪੱਖ ਰੱਖਦੇ ਹੋਏ ਵਿਦਿਆਰਥਣਾਂ ਵੱਲੋਂ ਲਗਾਏ ਗਏ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਹੈ।