Breaking News
Home / ਪੰਜਾਬ / ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿਓ : ਭਗਵੰਤ ਮਾਨ

ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿਓ : ਭਗਵੰਤ ਮਾਨ

ਮੁੱਖ ਮੰਤਰੀ ਨੇ ਅਕਾਲੀ ਦਲ ਦੇ ਉਮੀਦਵਾਰ ਦਾ ਬਠਿੰਡਾ ਤੋਂ ਗਰੂਰ ਤੋੜਨ ਦਾ ਦਿੱਤਾ ਸੱਦਾ
ਮਾਨਸਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਮੁੜ ਤੀਜੀ ਵਾਰ ਸੱਤਾ ਵਿੱਚ ਲਿਆਉਣ ਦਾ ਵੱਡਾ ਹੋਕਾ ਦਿੱਤਾ ਹੈ, ਪਰ ਸੰਵਿਧਾਨ ਲਈ ਖ਼ਤਰਾ ਬਣੇ ਪ੍ਰਧਾਨ ਮੰਤਰੀ ਨੂੰ ਪਹਿਲੇ ਦੋ ਗੇੜਾਂ ਵਿੱਚ ਮੁਲਕ ਦੇ ਲੋਕਾਂ ਨੇ ਮੁੜਕਾ ਲਿਆ ਦਿੱਤਾ ਹੈ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਚੌਥੀ ਵਾਰ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਤੋਂ ਰੋਕ ਕੇ ਨਰਿੰਦਰ ਮੋਦੀ ਦੇ ਸੁਪਨਿਆਂ ਨੂੰ ਚਕਨਾ ਚੂਰ ਕਰਨ ਵਿੱਚ ਸਹਾਇਤਾ ਕਰਨ।
ਉਨ੍ਹਾਂ ਕਿਹਾ ਕਿ ਬਾਦਲਾਂ ਦੀ ਹਾਰ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਲਈ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਦਾ ਗਰੂਰ ਤੋੜਨਾ ਵੀ ਹੁਣ ਹਲਕੇ ਦੇ ਲੋਕਾਂ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਉਹ ਮਾਨਸਾ ਜ਼ਿਲ੍ਹੇ ਦੇ ਝੁਨੀਰ ਕਸਬੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਲਵਾ ਖੇਤਰ ਦੇ ਬਹਾਦਰ ਲੋਕ ਜੇ ਪੰਜ ਵਾਰ ਦੇ ਮੁੱਖ ਮੰਤਰੀ ਅਤੇ ਦਰਜਨ ਤੋਂ ਵੱਧ ਵਾਰ ਵਿਧਾਇਕ ਬਣਦੇ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਹਰਾ ਸਕਦੇ ਹਨ ਤਾਂ ਹੁਣ ਹਰਸਿਮਰਤ ਕੌਰ ਬਾਦਲ ਦੀ ਬੇੜੀਆਂ ਵਿੱਚ ਵੱਟੇ ਵੀ ਇੱਥੋਂ ਦੇ ਬਹਾਦਰ ਲੋਕ ਹੀ ਪਾਉਣਗੇ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਜਦੋਂ ਖੇਤੀ ਕਾਨੂੰਨ ਪਾਸ ਹੋਏ ਸਨ, ਉਸ ਵੇਲੇ ਹਰਸਿਮਰਤ ਬਾਦਲ ਨਾਲ ਸੁਖਬੀਰ ਬਾਦਲ ਵੱਲੋਂ ਨਰਿੰਦਰ ਮੋਦੀ ਦੇ ਦਬਾਅ ‘ਚ ਆ ਕੇ ਕਾਨੂੰਨਾਂ ਦੇ ਹੱਕ ਵਿੱਚ ਹਾਮੀ ਭਰੀ ਗਈ।
ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ‘ਪੰਜਾਬ ਬਚਾਓ ਯਾਤਰਾ’ ਦੌਰਾਨ ਸੁਖਬੀਰ ਬਾਦਲ ਕਹਿਣ ਲੱਗੇ ਹਨ ਕਿ ਉਹ ਕਿਸਾਨ ਹੁੰਦੇ ਨੇ, ਪਰ ਮੈਂ ਪੁੱਛਦਾ ਹਾਂ ਕਿ ਜੇ ਉਹ ਕਿਸਾਨ ਨੇ, ਫਿਰ ਹਜ਼ਾਰਾਂ ਬੱਸਾਂ, ਹੋਟਲ ਕੀਹਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁੱਖਬਿਲਾਸ ਹੋਟਲ ਨੂੰ ਜਾਂਚ ਮਗਰੋਂ ਸਰਕਾਰੀ ਸਕੂਲ ਬਣਾਇਆ ਜਾਵੇਗਾ, ਜਿੱਥੇ ਆਮ ਘਰਾਂ ਦੇ ਬੱਚੇ ਪੜ੍ਹਾਈ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ 5 ਸਾਲਾਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਵੋਟਾਂ ਹਾਸਲ ਕਰਨ ਦੀ ਚਾਲ ਚੱਲਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਖ਼ਤਰਾ ਖੜ੍ਹਾ ਹੋਇਆ ਪਿਆ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਕਿਹਾ ਕਿ ਜਦੋਂ ਮੁਗਲਾਂ ਦਾ ਰਾਜ ਸੀ, ਉਦੋਂ ਮੁਗਲਾਂ ਨਾਲ, ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ਾਂ ਨਾਲ, ਜਦੋਂ ਕਾਂਗਰਸ ਦਾ ਰਾਜ ਸੀ, ਉਦੋਂ ਕਾਂਗਰਸ ਨਾਲ ਅਤੇ ਹੁਣ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਹੋਏ ਬੈਠੇ ਹਨ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਮੀਤ ਸਿੰਘ ਖੁੱਡੀਆਂ, ਪ੍ਰਿੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰ, ਜਗਰੂਪ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ

ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …