ਸ਼੍ਰੋਮਣੀ ਅਕਾਲੀ ਦਲ ਨੂੰ ਚੰਡੀਗੜ੍ਹ ‘ਚ ਲੱਗਾ ਵੱਡਾ ਸਿਆਸੀ ਝਟਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਆਪਣੀ ਸਮੁੱਚੀ ਟੀਮ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਚੰਡੀਗੜ੍ਹ ਤੋਂ ਚੋਣ ਲੜਨ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਟਿਕਟ ਵਾਪਸ ਕਰ ਰਹੇ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਨ ਅਤੇ ਪਿਛਲੀਆਂ ਲਗਾਤਾਰ ਤਿੰਨ ਟਰਮਾਂ ਤੋਂ ਕੌਂਸਲਰ ਵਜੋਂ ਚੋਣ ਜਿੱਤਦੇ ਆ ਰਹੇ ਹਨ। ਅਕਾਲੀ ਦਲ ਨੇ ਉਨ੍ਹਾਂ ਦੀ ਮਿਹਨਤ, ਇਮਾਨਦਾਰੀ ਅਤੇ ਵਫ਼ਾਦਾਰੀ ਨੂੰ ਦੇਖਦੇ ਹੋਏ ਪਹਿਲਾਂ ਉਨ੍ਹਾਂ ਨੂੰ ਅਕਾਲੀ ਦਲ ਦਾ ਚੰਡੀਗੜ੍ਹ ਤੋਂ ਪ੍ਰਧਾਨ ਬਣਾਇਆ ਅਤੇ ਹੁਣ ਇਸ ਵਾਰ ਪਾਰਟੀ ਦੀ ਟਿਕਟ ਉਤੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ।
ਬੁਟੇਰਲਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰ ਐਲਾਨਣ ਤੋਂ ਪਹਿਲਾਂ ਭਰੋਸਾ ਦਿੱਤਾ ਸੀ ਕਿ ਚੋਣ ਦਾ ਸਾਰਾ ਖਰਚਾ ਪਾਰਟੀ ਕਰੇਗੀ। ਹੁਣ ਜਦੋਂ ਉਹ ਚੋਣ ਪ੍ਰਚਾਰ ਵਿੱਚ ਚੰਗੀ ਤਰ੍ਹਾਂ ਖੁਭ ਚੁੱਕੇ ਹਨ ਤਾਂ ਪਾਰਟੀ ਨੇ ਹਾਲੇ ਤੱਕ ਕੋਈ ਅਤੇ ਕਿਸੇ ਤਰ੍ਹਾਂ ਦਾ ਖਰਚਾ ਨਹੀਂ ਕੀਤਾ। ਇਸ ਤੋਂ ਇਲਾਵਾ ਪਾਰਟੀ ਵਿਚਲੇ ਕੁਝ ਹੋਰ ਅਕਾਲੀ ਆਗੂ ਵੀ ਉਨ੍ਹਾਂ ਦੇ ਕੰਮ ਕਾਜ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਉਹ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇੰਨੇ ਵੱਡੇ ਖਰਚੇ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਉਹ ਕਿਸੇ ਸਿਆਸੀ ਸਾਜਿਸ਼ ਤਹਿਤ ਕਿਸੇ ਦਾ ਹਥਠੋਕਾ ਨਹੀਂ ਬਣ ਸਕਦੇ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੀ ਸਮੁੱਚੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਰਹੇ ਹਨ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਨਹੀਂ ਲੜਨਗੇ।
ਹਰਦੀਪ ਸਿੰਘ ਬੁਟਰੇਲਾ ਆਮ ਆਦਮੀ ਪਾਰਟੀ ‘ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਚੱਲ ਰਹੇ ਮੌਸਮ ਦੌਰਾਨ ਦਲ ਬਦਲੀਆਂ ਦਾ ਰੁਝਾਨ ਲਗਾਤਾਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੀ ਇਕੋ ਇਕ ਲੋਕ ਸਭਾ ਸੀਟ ਤੋਂ ਹਰਦੀਪ ਸਿੰਘ ਬੁਟਰੇਲਾ ਨੂੰ ਉਮੀਦਵਾਰ ਬਣਾਇਆ ਸੀ।
ਕੁਝ ਦਿਨ ਪਹਿਲਾਂ ਹਰਦੀਪ ਸਿੰਘ ਬੁਟਰੇਲਾ ਨੇ ਸ਼੍ਰੋਮਣੀ ਅਕਾਲੀ ਦਲ ‘ਚੋਂ ਅਸਤੀਫਾ ਦੇ ਦਿੱਤਾ ਸੀ ਅਤੇ ਟਿਕਟ ਵੀ ਵਾਪਸ ਕਰ ਦਿੱਤੀ ਸੀ। ਇਸਦੇ ਚੱਲਦਿਆਂ ਅੱਜ ਵੀਰਵਾਰ ਨੂੰ ਹਰਦੀਪ ਸਿੰਘ ਬੁਟਰੇਲਾ ਚੰਡੀਗੜ੍ਹ ‘ਚ ਆਪਣੇ ਸੈਂਕੜੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਹਰਦੀਪ ਸਿੰਘ ਬੁਟਰੇਲਾ ਤੇ ਉਨ੍ਹਾਂ ਦੇ ਸਾਥੀਆਂ ਦਾ ‘ਆਪ’ ਵਿਚ ਸ਼ਾਮਲ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਬੁਟਰੇਲਾ ਚੰਡੀਗੜ੍ਹ ਤੋਂ ਤਿੰਨ ਵਾਰ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਇਸ ਮੌਕੇ ਹਰਦੀਪ ਸਿੰਘ ਬੁਟਰੇਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਦੇਵੇਗੀ, ਉਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।