10.6 C
Toronto
Saturday, October 18, 2025
spot_img
Homeਪੰਜਾਬਕਾਂਗਰਸੀ ਵਰਕਰਾਂ ਦੇ ਘਰ ਰਾਤਾਂ ਗੁਜ਼ਾਰ ਰਹੇ ਹਨ ਰਾਜਾ ਵੜਿੰਗ

ਕਾਂਗਰਸੀ ਵਰਕਰਾਂ ਦੇ ਘਰ ਰਾਤਾਂ ਗੁਜ਼ਾਰ ਰਹੇ ਹਨ ਰਾਜਾ ਵੜਿੰਗ

ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਵੜਿੰਗ ਨੂੰ ਬਣਾਇਆ ਹੈ ਉਮੀਦਵਾਰ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲੇ ਇੱਥੇ ਆਪਣਾ ਘਰ ਨਹੀਂ ਲਿਆ ਹੈ। ਸੂਬਾ ਪ੍ਰਧਾਨ ਰੋਜ਼ਾਨਾ ਕਿਸੇ ਨਾ ਕਿਸੇ ਕਾਂਗਰਸੀ ਵਰਕਰ ਦੇ ਘਰ ਰਾਤ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਾਲੇ ਆਪਣਾ ਘਰ ਨਹੀਂ ਖਰੀਦ ਰਹੇ ਹਨ, ਬਲਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਇੱਥੇ ਆਪਣਾ ਘਰ ਖਰੀਦਣਗੇ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਕਾਂਗਰਸੀ ਵਰਕਰਾਂ ਦੇ ਘਰ ਰਾਤ ਰੁਕਦੇ ਹਨ ਤੇ ਉਨ੍ਹਾਂ ਨਾਲ ਸਥਾਨਕ ਮੁੱਦਿਆਂ ਬਾਰੇ ਦਿਲ ਖੋਲ੍ਹ ਕੇ ਗੱਲਾਂ ਕਰਦੇ ਹਨ।
ਰਾਜਾ ਵੜਿੰਗ ਨੂੰ ਕੁੱਝ ਦਿਨ ਪਹਿਲਾਂ ਹੀ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਵੱਖ ਵੱਖ ਕਾਂਗਰਸੀਆਂ ਦੇ ਘਰ ਰਹਿ ਰਹੇ ਹਨ। ਰਾਜਾ ਵੜਿੰਗ ਸਭ ਤੋਂ ਪਹਿਲਾਂ ਹਲਕਾ ਪੂਰਬੀ ਤੋਂ ਸਾਬਕਾ ਕੌਂਸਲਰ ਦੇ ਘਰ ਰੁਕੇ। ਉਨ੍ਹਾਂ ਦੱਸਿਆ ਕਿ ਰਾਜਾ ਵੜਿੰਗ ਨੇ ਉਨ੍ਹਾਂ ਦੇ ਘਰ ਰੋਟੀ ਖਾਧੀ ਤੇ ਉਨ੍ਹਾਂ ਦੇ ਘਰ ਹੀ ਸੁੱਤੇ।
ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਰਾਜਾ ਵੜਿੰਗ ਦੀ ਹਮਾਇਤ ਦਾ ਐਲਾਨ
ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਖੱਬੇ ਪੱਖੀ ਪਾਰਟੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰਜ਼ ਫਰੰਟ ਨੇ ਵੱਡਾ ਇਕੱਠ ਕਰਕੇ ਹਮਾਇਤ ਕਰਨ ਦਾ ਐਲਾਨ ਕੀਤਾ। ਪੰਜਾਬ ਰੋਡਵੇਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰਹੇ ਅਤੇ ਕਮਿਊਨਿਸਟ ਪਾਰਟੀ ਵੱਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਕਾਮਰੇਡ ਗੁਰਦੀਪ ਸਿੰਘ ਮੋਤੀ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਇਕੱਠ ਹੋਇਆ। ਇਸ ਵਿੱਚ ਰਾਜਾ ਵੜਿੰਗ ਹੋਰ ਕਾਂਗਰਸੀ ਆਗੂਆਂ ਨਾਲ ਪਹੁੰਚੇ ਹੋਏ ਸਨ। ਬਲਰਾਜ ਸਿੰਘ ਕੋਟਉਮਰਾ, ਭੁਪਿੰਦਰਪਾਲ ਬਰਾੜ, ਰਣਜੀਤ ਸਿੰਘ ਸਮੇਤ ਕੁਝ ਹੋਰ ਬੁਲਾਰਿਆਂ ਨੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਦਿੱਤੀ ਹਮਾਇਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਹੁਣ ਠੱਗਿਆ ਮਹਿਸੂਸ ਕਰਦੇ ਹਨ।

RELATED ARTICLES
POPULAR POSTS