ਤੇਜ਼ ਗਤੀ ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਆਏਗੀ ਸ਼ਾਮਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਸੂਬੇ ਵਿੱਚ ਆਵਾਜਾਈ ਦੇ ਪ੍ਰਬੰਧਾਂ ਵਿੱਚ ਸੁਧਾਰ ਤੇ ਸੜਕੀ ਹਾਦਸਿਆਂ ‘ਤੇ ਠੱਲ੍ਹ ਪਾਉਣ ਲਈ ਵਿਸ਼ੇਸ਼ ਬਲ ਦਾ ਗਠਨ ਕਰੇਗੀ। ਇਸ ਨੂੰ ਸੜਕ ਸੁਰੱਖਿਆ ਬਲ (ਰੋਡ ਸੇਫਟੀ ਫੋਰਸ) ਦਾ ਨਾਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੜਕ ਹਾਦਸਿਆਂ ‘ਚ ਰੋਜ਼ਾਨਾ ਔਸਤਨ 12 ਤੋਂ 14 ਮੌਤਾਂ ਹੁੰਦੀਆਂ ਹਨ। ਸੜਕ ਸੁਰੱਖਿਆ ਬਲ ਪੰਜਾਬ ਪੁਲਿਸ ਦਾ ਹਿੱਸਾ ਹੋਵੇਗਾ।
ਇਸ ਬਲ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਕੌਮੀ ਤੇ ਸੂਬਾਈ ਸੜਕਾਂ ‘ਤੇ ਤਾਇਨਾਤ ਕੀਤਾ ਜਾਵੇਗਾ ਜਿਨ੍ਹਾਂ ‘ਤੇ ਹਰ ਵਰ੍ਹੇ ਲਗਭਗ 75 ਫੀਸਦ ਹਾਦਸੇ ਵਾਪਰੇ ਹਨ।
ਇਸ ਬਲ ਵਿੱਚ ਕਰੀਬ 1300 ਮੁਲਾਜ਼ਮ ਨਿਯੁਕਤ ਕੀਤੇ ਜਾਣਗੇ ਜੋ ਕਿ ਬਾਡੀ ਕੈਮਰੇ ਤੇ ਸਾਹ ਦੀ ਜਾਂਚ ਕਰਨ ਵਾਲੇ ਆਧੁਨਿਕ ਉਪਰਕਨਾਂ ਨਾਲ ਲੈਸ ਹੋਣਗੇ। ਇਨ੍ਹਾਂ ਨੂੰ ਇੰਟਰਸੈਪਟਰ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਵਾਹਨਾਂ ਦੀ ਸਪੀਡ ਦੀ ਜਾਂਚ ਕੀਤੀ ਜਾ ਸਕੇ।
ਬਲ ਦੇ ਨੋਡਲ ਅਧਿਕਾਰੀ ਤੇ ਐਡੀਸ਼ਨਲ ਡੀਜੀਪੀ ਏ. ਐੱਸ. ਰਾਏ ਨੇ ਦੱਸਿਆ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕ ਸੁਰੱਖਿਆ ਬਲ ਦੀ ਤਾਇਨਾਤੀ 15 ਅਗਸਤ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੜਕ ਸੁਰੱਖਿਆ ਬਲ ਲਈ ਕਰੀਬ 40 ਕਰੋੜ ਰੁਪਏ ਖਰਚੇ ਜਾਣਗੇ ਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਵਰਦੀ (ਯੂਨੀਫਾਰਮ) ਵੀ ਮੁਹੱਈਆ ਕਰਵਾਈ ਜਾਵੇਗੀ ਜਿਸ ਦੀ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ। ਇਹ ਇਕ ਵਿਸ਼ੇਸ਼ ਬਲ ਹੋਵੇਗਾ, ਇਸ ਲਈ ਵਰਦੀ ਵੀ ਵੱਖਰੀ ਹੋਵੇਗੀ। ਸੜਕ ਸੁਰੱਖਿਆ ਬਲ ਦੇ ਮੁਲਾਜ਼ਮ ਸੜਕਾਂ ਕਿਨਾਰੇ ਖੜ੍ਹੇ ਵਾਹਨਾਂ ‘ਤੇ ਵੀ ਨਜ਼ਰ ਰੱਖਣਗੇ। ਇਨ੍ਹਾਂ ਵਾਹਨਾਂ ਕਾਰਨ ਧੁੰਦ ਦੇ ਮੌਸਮ ‘ਚ ਹਾਦਸੇ ਵਾਪਰਦੇ ਹਨ। ਜੇਕਰ ਕੋਈ ਹਾਦਸਾ ਵਾਪਰ ਵੀ ਜਾਂਦਾ ਹੈ ਤਾਂ ਸੁਰੱਖਿਆ ਬਲ ਵੱਲੋਂ ਪੀੜਤਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਸੜਕ ਸੁਰੱਖਿਆ ਬਲ ਦੇ ਜਵਾਨ ਤੇਜ਼ ਗਤੀ ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਨਜ਼ਰ ਰੱਖਣਗੇ।
ਰਾਏ ਨੇ ਦੱਸਿਆ ਕਿ ਪੰਜਾਬ ਵਿੱਚ ਸੜਕੀ ਹਾਦਸਿਆਂ ਕਾਰਨ ਹਰ ਸਾਲ 4,500-5,000 ਲੋਕਾਂ ਦੀ ਮੌਤ ਹੁੰਦੀ ਹੈ ਤੇ ਹਰ ਵਰ੍ਹੇ 5000 ਤੋਂ 6000 ਹਾਦਸੇ ਵਾਪਰਦੇ ਹਨ। ਪੰਜਾਬ ਪੁਲਿਸ ਦੀ ਟਰੈਫਿਕ ਖੋਜ ਸੰਸਥਾ ਨੇ ਪਤਾ ਲਗਾਇਆ ਹੈ ਕਿ 75 ਫੀਸਦੀ ਹਾਦਸੇ ਕੌਮੀ ਤੇ ਸੂਬਾਈ ਮਾਰਗਾਂ ਅਤੇ ਦੀਆਂ ਵੱਡੀਆਂ ਸੜਕਾਂ ‘ਤੇ ਵਾਪਰਦੇ ਹਨ। ਦੱਸਣਯੋਗ ਹੈ ਕਿ ਸੜਕ ਸੁਰੱਖਿਆ ਬਲ ਵਿੱਚ ਨਿਯੁਕਤੀਆਂ ਪੰਜਾਬ ਪੁਲਿਸ ‘ਚ ਭਰਤੀ ਹੋਏ ਨਵੇਂ ਮੁਲਾਜ਼ਮਾਂ ‘ਚੋਂ ਕੀਤੀ ਜਾਵੇਗੀ।