ਕਿਹਾ, ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ‘ਚ ਕਤਲ ਘਟੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡੀਜੀਪੀ ਵੀ. ਕੇ. ਭਾਵਰਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸੇ ਸਾਲ 2022 ‘ਚ ਹੁਣ ਤੱਕ 158 ਕਤਲ ਹੋਏ ਹਨ। ਉਨ੍ਹਾਂ ਦੱਸਿਆ ਕਿ ਲਗਭਗ 100 ਦਿਨਾਂ ‘ਚ ਇਹ ਕਤਲ ਦੀਆਂ ਵਾਰਦਾਤਾਂ ਵਾਪਰੀਆਂ ਹਨ।
ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲਾਂ ਨਾਲੋਂ ਇਹ ਅੰਕੜਾ ਘੱਟ ਹੈ। ਡੀਜੀਪੀ ਨੇ ਇਸ ਮੌਕੇ ਦੱਸਿਆ ਕਿ ਗੈਂਗਸਟਰਾਂ ਅਤੇ ਕ੍ਰਾਈਮ ‘ਤੇ ਸ਼ਿਕੰਜਾ ਕਸਿਆ ਗਿਆ ਹੈ ਅਤੇ 515 ਗੈਂਗਸਟਰ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਲਾਇਸੈਂਸੀ ਅਸਲਾ ਆਤਮ ਰੱਖਿਆ ਲਈ ਹੁੰਦਾ ਹੈ, ਜਦਕਿ ਅੱਜ ਕੱਲ੍ਹ ਲੋਕ ਇਸਦੀ ਵਰਤੋਂ ਆਪਸੀ ਝਗੜਿਆਂ ਵਿਚ ਜ਼ਿਆਦਾ ਕਰ ਰਹੇ ਹਨ। ਭਾਵਰਾ ਨੇ ਇਹ ਵੀ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੈਂਗਸਟਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਅਗਵਾ, ਲੁੱਟ ਖੋਹ, ਚੋਰੀ ਅਤੇ ਕਤਲ ਆਦਿ ਵਰਗੇ ਕ੍ਰਾਈਮ ਨੂੰ ਰੋਕਣਾ ਸਾਡੀ ਪਹਿਲ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਦਾ ਦੌਰ ਹੁਣ ਖਤਮ ਹੋ ਜਾਵੇਗਾ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ, ਜੋ ਬਹੁਤ ਹੀ ਐਕਟਿਵ ਤੌਰ ‘ਤੇ ਕੰਮ ਕਰ ਰਹੀ ਹੈ। ਇਸ ਮੌਕੇ ਏਡੀਜੀਪੀ (ਅੰਦਰੂਨੀ ਸੁਰੱਖਿਆ) ਆਰ.ਐਨ. ਢੋਕੇ ਅਤੇ ਏਡੀਜੀਪੀ ਪ੍ਰਮੋਦ ਬਾਨ ਵੀ ਮੌਜੂਦ ਸਨ।
ਡੀਜੀਪੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਦੌਰਾਨ ਸੂਬੇ ਵਿੱਚ ਵਾਪਰੀਆਂ ਕਤਲ ਦੀਆਂ ਨੌਂ ਵਾਰਦਾਤਾਂ ਕਾਰਨ ਲੋਕ ਖ਼ੌਫ ਵਿੱਚ ਹਨ ਪਰ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਇਨ੍ਹਾਂ ਘਟਨਾਵਾਂ ਪਿੱਛੇ ਕਿਸੇ ਵੀ ਗੈਂਗਸਟਰ ਗਰੁੱਪ ਦਾ ਹੱਥ ਨਹੀਂ ਸੀ। ਇਨ੍ਹਾਂ ਅਪਰਾਧਾਂ ਪਿੱਛੇ ਪਰਿਵਾਰਕ ਝਗੜੇ, ਰੰਜਿਸ਼ ਜਾਂ ਪੈਸੇ ਦਾ ਲੈਣ-ਦੇਣ ਆਦਿ ਮੁੱਖ ਕਾਰਨ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਸਾਰੇ ਮਾਮਲੇ ਸੁਲਝਾ ਕੇ ਘਟਨਾਵਾਂ ‘ਚ ਸ਼ਾਮਲ ਜ਼ਿਆਦਾਤਰ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਪੁਲਿਸ ਨੇ ਮੁੱਢਲੀ ਕਾਰਵਾਈ ਦੌਰਾਨ ਕਤਲ ਦੇ ਮਾਮਲਿਆਂ ਵਿੱਚ ਸ਼ਾਮਲ ਕੁੱਲ 24 ਮੁਲਜ਼ਮਾਂ ਨੂੰ ਸੱਤ ਪਿਸਤੌਲਾਂ, 18 ਕਾਰਤੂਸਾਂ ਅਤੇ ਸੱਤ ਵਾਹਨਾਂ ਸਮੇਤ ਗ੍ਰਿਫਤਾਰ ਕੀਤਾ ਹੈ।