ਉਪ ਮੁੱਖ ਮੰਤਰੀ ਸਮੇਤ 11 ਹੋਰ ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰੇਵੰਤ ਰੈਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐਲ ਬੀ ਸਟੇਡੀਅਮ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਤੇਲੰਗਾਨਾ ਦੀ ਰਾਜਪਾਲ ਟੀ ਸੌਂਦਰਰਾਜਨ ਨੇ ਉਨ੍ਹਾਂ ਨੂੰ ਅਹੁਦੇ ਦੇ ਭੇਤ ਰੱਖਣ ਦੀ ਸਹੁੰ ਚੁਕਾਈ ਜਦਕਿ ਭੱਟੀ ਵਿਰਕਮਾਰਕ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ 11 ਹੋਰ ਮੰਤਰੀਆਂ ਨੂੰ ਵੀ ਅਹੁਦੇ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵੀ ਹਾਜ਼ਰ ਸਨ। ਰੇਵੰਤ ਰੈਡੀ ਨੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਦੋ ਫਾਈਲਾਂ ‘ਤੇ ਹਸਤਾਖਰ ਕੀਤੇ।
ਪਹਿਲੀ ਫਾਈਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਈਆਂ 6 ਗਰੰਟੀਆਂ ਵਾਲੀ ਸੀ ਜਦਕਿ ਦੂਜੀ ਫਾਈਲ ਇਕ ਅੰਗਹੀਣ ਮਹਿਲਾ ਨੂੰ ਨੌਕਰੀ ਦੇਣ ਦੇ ਵਾਅਦੇ ਵਾਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ ‘ਪ੍ਰਗਤੀ ਭਵਨ’ ਦੇ ਬਾਹਰ ਲੱਗੀ ਰੇਲਿੰਗ ਨੂੰ ਹਟਵਾ ਦਿੱਤਾ, ਜਿਸ ਕਰਕੇ ਇਥੇ ਅਕਸਰ ਹੀ ਟ੍ਰੈਫਿਕ ਜਾਮ ਰਹਿੰਦਾ ਸੀ। ਧਿਆਨ ਰਹੇ ਕਿ ਤੇਲੰਗਾਨਾ ਦਾ ਗਠਨ 2014 ‘ਚ ਹੋਇਆ ਸੀ ਉਦੋਂ ਲੈ ਕੇ 2023 ਤੱਕ ਭਾਰਤ ਰਾਸ਼ਟਰੀ ਸਮਿਤੀ ਦੇ ਕੇ.ਕੇ. ਚੰਦਰਸ਼ੇਖਰ ਰਾਵ ਮੁੱਖ ਮੰਤਰੀ ਰਹੇ। ਇਸ ਵਾਰ ਦੀ ਵਿਧਾਨ ਸਭਾ ਚੋਣਾਂ ਦੌਰਾਨ ਕੇਸੀਆਰ ਨੂੰ ਮਿਲੀ ਹਾਰ ਤੋਂ ਬਾਅਦ ਰੇਵੰਤ ਰੈਡੀ ਦੇ ਰੂਪ ‘ਚ ਤੇਲੰਗਾਨਾ ਨੂੰ ਦੂਜਾ ਮੁੱਖ ਮੰਤਰੀ ਮਿਲਿਆ ਹੈ।