-11 C
Toronto
Wednesday, January 21, 2026
spot_img
Homeਭਾਰਤਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਗੁਮਰਾਹਕੁਨ ਕਰਾਰ

ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਗੁਮਰਾਹਕੁਨ ਕਰਾਰ

ਤੋਮਰ ਦਾ ਕਹਿਣਾ ਸੀ ; ਕਿਸਾਨ ਜ਼ਹਿਰ ਯੁਕਤ ਫ਼ਸਲ ਵੇਚ ਦਿੰਦੇ ਹਨ ਤੇ ਖ਼ੁਦ ਨਹੀਂ ਖਾਂਦੇ
ਚੰਡੀਗੜ/ਬਿਊਰੋ ਨਿਊਜ਼ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਉੱਤੇ ਰਸਾਇਣਕ ਖੇਤੀ ਰਾਹੀਂ ਦੇਸ਼ਵਾਸੀਆਂ ਨੂੰ ਜ਼ਹਿਰੀਲੇ ਖਾਧ ਪਦਾਰਥ ਖੁਆਉਣ ਵਾਲੇ ਬਿਆਨ ਨੂੰ ਗੁਮਰਾਹਕੁਨ ਤੇ ਝੂਠਾ ਪ੍ਰਚਾਰ ਗਰਦਾਨਦੇ ਹੋਏ ਇਸ ਦੀ ਸਖ਼ਤ ਨਿੰਦਾ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਫੋਰਡ ਫਾਊਂਡੇਸਨ ਵੱਲੋਂ ਪ੍ਰਸਤਾਵਿਤ ਸੰਸਾਰ ਬੈਂਕ ਦਾ ਰਸਾਇਣਕ ਜ਼ਹਿਰਾਂ ਵਾਲਾ ਖੇਤੀ ਮਾਡਲ ‘ਹਰਾ ਇਨਕਲਾਬ’ ਤਾਂ ਬਦਲ ਬਦਲ ਕੇ ਆਈਆਂ ਸਰਕਾਰਾਂ ਵੱਲੋਂ ਹਰ ਕਿਸਮ ਦੀ ਵਿਭਿੰਨਤਾ ਵਾਲੀ ਕੁਦਰਤੀ ਖੇਤੀ ਕਰ ਰਹੇ ਦੇਸ਼ ਦੇ ਕਿਸਾਨਾਂ ਸਿਰ ਗਿਣੀ-ਮਿਥੀ ਸਕੀਮ ਰਾਹੀਂ ਮੜਿਆ ਗਿਆ ਸੀ। ਉਨਾਂ ਕਿਹਾ ਕਿ ਤੋਮਰ ਦਾ ਇਹ ਕਹਿਣਾ ਵੀ ਕੋਰਾ ਝੂਠ ਹੈ ਕਿ ਕਿਸਾਨ ਜ਼ਹਿਰ ਯੁਕਤ ਫ਼ਸਲ ਵੇਚ ਦਿੰਦੇ ਹਨ ਤੇ ਖ਼ੁਦ ਨਹੀਂ ਖਾਂਦੇ। ਕਿਸਾਨ ਆਗੂਆਂ ਨੇ ਕਿਹਾ ਕਿ ਦਹਾਕਿਆਂ ਬੱਧੀ ਜ਼ਹਿਰੀਲੇ ਰਸਾਇਣਾਂ ਨਾਲ ਭਰੀ ਗਈ ਮਿੱਟੀ ਤੇ ਪ੍ਰਦੂਸ਼ਿਤ ਪਾਣੀ ਨਾਲ ਜ਼ਹਿਰ-ਮੁਕਤ ਫ਼ਸਲ ਉਗਾਈ ਜਾਣੀ ਸੰਭਵ ਹੀ ਨਹੀਂ ਹੈ।
ਉਨਾਂ ਆਰੋਪ ਲਾਇਆ ਕਿ ਅਜਿਹੇ ਝੂਠੇ ਬਿਆਨਾਂ ਰਾਹੀਂ ਕੇਂਦਰੀ ਭਾਜਪਾ ਸਰਕਾਰ ਆਪਣੇ ਕਿਸਾਨ ਵਿਰੋਧੀ ਫੈਸਲੇ ਨੂੰ ਜਾਇਜ਼ ਠਹਿਰਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਬੰਦ ਨਾ ਕੀਤੀ ਗਈ ਤਾਂ ਅੰਦੋਲਨ ਵਿੱਢਿਆ ਜਾਵੇਗਾ।

 

RELATED ARTICLES
POPULAR POSTS