ਚਾਰ ਫੌਜੀ ਜਵਾਨ ਹੋਏ ਸ਼ਹੀਦ
ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਅੱਜ ਫੌਜ ਦੇ ਇਕ ਟਰੱਕ ਨੂੰ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਪੰੁਛ-ਜੰਮੂ ਨੈਸ਼ਨਲ ਹਾਈਵੇ ’ਤੇ ਵਾਪਰਿਆ ਅਤੇ ਇਸ ਹਾਦਸੇ ਦੌਰਾਨ ਚਾਰ ਫੌਜੀ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਦਾ ਟਰੱਕ ’ਤੇ ਡਿੱਗਣਾ ਦੱਸਿਆ ਜਾ ਰਿਹਾ ਹੈ। ਜਦਕਿ ਫੌਜੀ ਜਵਾਨਾਂ ਦੀ ਗੱਡੀ ਨੂੰ ਅੱਗ ਲੱਗਣ ਪਿੱਛੇ ਅੱਤਵਾਦੀ ਸਾਜ਼ਿਸ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਫੌਜੀ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਮੌਕੇ ’ਤੇ ਮੌਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਅੱਗ ਇੰਨਾ ਭਿਆਨਕ ਰੂਪ ਧਾਰ ਚੁੱਕੀ ਸੀ ਕਿ ਇਸ ਵਿਚ ਸਵਾਰ ਚਾਰ ਫੌਜੀ ਜਵਾਨ ਬੁਰੀ ਤਰ੍ਹਾਂ ਸੜ ਗਏ।