ਪ੍ਰਕਾਸ਼ ਪੁਰਬ ਨੂੂੰ ਸਿਆਸਤ ਤੋਂ ਉਪਰ ਉਠ ਕੇ ਮਨਾਉਣ ਦਾ ਦਿੱਤਾ ਸੱਦਾ
ਸੁਲਤਾਨਪੁਰ ਲੋਧੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਧਿਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਿਆਸਤ ਤੋਂ ਉੱਪਰ ਉਠ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ ਦੋਸ਼ਾਂ ਦਾ ਤਿੱਖਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਕੋਈ ਮਾਂ ਦਾ ਪੁੱਤ ਨਹੀਂ ਜੰਮਿਆ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਹਸਤੀ ਨੂੰ ਚੁਣੌਤੀ ਦੇਵੇ। ਇਹ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਦੀ ਗੱਦੀ ਹੈ।’ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਏ ਸਨ। ਸੁਲਤਾਨਪੁਰ ਲੋਧੀ ਵਿਖੇ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਪਣੇ ਕੈਬਨਿਟ ਮੰਤਰੀਆਂ ਨਾਲ ਨਤਮਸਤਕ ਹੋਣ ਮਗਰੋਂ ਮੁੱਖ ਮੰਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ। ਉਨਾਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਕੁਝ ਵੀ ਨਹੀਂ ਪਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਬੀਬਾ ਬਾਦਲ ਕੇਂਦਰ ਵਿੱਚ ਕਿਵੇਂ ਕੰਮਕਾਜ ਕਰਦੀ ਹੋਵੇਗੀ। ਮੁੱਖ ਮੰਤਰੀ ਨੇ ਹਰਸਿਮਰਤ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਖੇਤੀਬਾੜੀ ਨਾਲ ਸਬੰਧਤ ਕੋਈ ਪ੍ਰਾਜੈਕਟ ਨਹੀਂ ਮੰਗਿਆ। ਉਨਾਂ ਕਿਹਾ ਕਿ ਸਾਰਿਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਗੁਰਪੁਰਬ ਸਮਾਗਮਾਂ ਨੂੰ ਮਨਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਮਨਾਉਣ ਲਈ ਇਕ ਸਾਲ ਤੋਂ ਤਿਆਰੀਆਂ ਕਰ ਰਹੀ ਹੈ ਤੇ ਸਾਰੇ ਪ੍ਰਾਜੈਕਟ ਇਸ ਮਹੀਨੇ ਦੇ ਅਖੀਰ ਤੱਕ ਮੁਕੰਮਲ ਹੋਣ ਦੀ ਆਸ ਹੈ। ਉਨਾਂ ਕਿਹਾ ਕਿ ਸਰਕਾਰ ਨੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਪਹਿਲਾਂ ਹੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਲਈ ਸਰਕਾਰ ਨੂੰ ਦੋ ਮੈਂਬਰਾਂ ਦੇ ਨਾਂ ਦੇਣ ਲਈ ਕਿਹਾ ਸੀ ਤੇ ਸਰਕਾਰ ਨੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਚੰਨੀ ਦੇ ਨਾਂ ਭੇਜੇ ਹਨ। ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਦੋ ਮੈਂਬਰ ਹੋਣਗੇ ਜਦੋਂਕਿ ਕਿਸੇ ਦਾਨਿਸ਼ਵਰ ਨੂੰ ਨਿਰਪੱਖ ਮੈਂਬਰ ਵਜੋਂ ਲਿਆ ਜਾਵੇਗਾ। ਇਹ ਕਮੇਟੀ ਹੀ ਸਾਂਝੇ ਸਮਾਗਮਾਂ ਬਾਰੇ ਫੈਸਲਾ ਕਰੇਗੀ। ਕੈਪਟਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਅੰਦਰ ਅਤੇ ਸਰਕਾਰ ਬਾਹਰਲੇ ਸਮਾਗਮਾਂ ਦਾ ਪ੍ਰਬੰਧ ਕਰੇਗੀ। ਉਨਾਂ ਕਿਹਾ ਕਿ ਪੁਰਾਣੀਆਂ ਰਵਾਇਤਾਂ ਮੁਤਾਬਕ ਹੀ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾਵੇਗਾ। ਮੁੱਖ ਮੰਤਰੀ ਨੇ ਵਜ਼ਾਰਤੀ ਮੀਟਿੰਗ ਲਈ ਸੁਲਤਾਨਪੁਰ ਲੋਧੀ ਦੀ ਹੀ ਚੋਣ ਕਰਨ ਬਾਰੇ ਕਿਹਾ ਕਿ 550ਵਾਂ ਪ੍ਰਕਾਸ਼ ਪੁਰਬ ਬਹੁਤ ਅਹਿਮ ਹੈ ਤੇ ਸਾਰੇ ਮੰਤਰੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਸਨ। ਉਨਾਂ ਕਿਹਾ ਕਿ ਪੰਜਾਬ ਵਜ਼ਾਰਤ ਦੀ ਅਗਲੀ ਮੀਟਿੰਗ 24 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਹੋਵੇਗੀ।
ਬੇਅਦਬੀ ਕਾਂਡ ਦੀ ਜਾਂਚ ‘ਚ ਅੜਿੱਕੇ ਪਾ ਰਹੇ ਨੇ ਬਾਦਲ: ਕੈਪਟਨ
ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਰਾਹੀਂ ਬਾਦਲਾਂ ਵੱਲੋਂ ਲੀਹੋਂ ਲਾਹੁਣ ਦੇ ਯਤਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸੀਬੀਆਈ ਸਿੱਧੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਨਹੀਂ ਸਗੋਂ ਪ੍ਰਸੋਨਲ ਮੰਤਰਾਲੇ ਅਧੀਨ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸ ਕੰਮ ਵਿਚ ਬਾਦਲਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਨਿਆਂ ਦੇ ਰਸਤੇ ਵਿਚ ਰੋੜੇ ਅਟਕਾ ਰਹੇ ਹਨ। ਉਨਾਂ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਨੂੰ ਕਿਉਂ ਸੌਂਪੀ ਗਈ ਸੀ, ਇਸ ਬਾਰੇ ਬਾਦਲਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਜਾਂਚ ਸੀਬੀਆਈ ਕੋਲੋਂ ਵਾਪਸ ਲੈ ਕੇ ਐੱਸਆਈਟੀ ਨੂੰ ਦੇਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।