ਜਗਰਾਉਂ/ਬਿਊਰੋ ਨਿਊਜ਼
ਜਦੋਂ ਚੁਫੇਰਿਉਂ ਪੰਜਾਬੀਆਂ ਦੇ ਆਰਥਿਕ ਮੰਦਵਾੜੇ ‘ਚ ਡੁੱਬੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਹੋਣ, ਉਸ ਸਮੇਂ ਪੰਜਾਬੀਆਂ ਦੇ ਕਰੋੜਪਤੀ ਹੋਣ ਦੀ ਖ਼ਬਰ ਇਕ ਵਾਰ ਹੈਰਾਨ ਕਰ ਦੇਵੇਗੀ, ਪਰ ਇਹ ਸੱਚ ਹੈ ਕਿ ਵਿਦੇਸ਼ ਜਾਣ ਲਈ ਹਰ ਹਰਬਾ-ਜਰਬਾ ਵਰਤਣ ਵਾਲੇ ਪੰਜਾਬੀ ਅੱਜ-ਕੱਲ੍ਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਕਾਗਜਾਂ ‘ਚ ਲੱਖਪਤੀ ਤੇ ਬਹੁਤ ਸਾਰੇ ਕਰੋੜਪਤੀ ਬਣ ਰਹੇ ਹਨ।
ਨਜ਼ਰ ਮਾਰੀਏ ਤਾਂ ਹੁਣ ‘ਪੰਜਾਬੀਆਂ’ ਨੂੰ ਕਰੋੜਪਤੀ ਹੋਣ ਦਾ ਸਰਟੀਫਿਕੇਟ ਲੈਣ ਲਈ ਕਿਧਰੇ ਦੂਰ ਜਾਣ ਦੀ ਲੋੜ ਨਹੀਂ, ਅੱਜ-ਕੱਲ੍ਹ ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ‘ਚ ਅਜਿਹੇ ਅਣਗਿਣਤ ਏਜੰਟ ਬੈਠੇ ਹਨ, ਜਿਹੜੇ ਕੰਪਿਊਟਰ ਦੇ ਕੀ-ਬੋਰਡ ‘ਤੇ ਉਂਗਲੀ ਮਾਰ ਕੇ ਕਿਸੇ ਨੂੰ ਵੀ ਕਰੋੜਪਤੀ ਦਾ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ। ਭਾਵੇਂ ਕਿਸੇ ਸਮੇਂ ਪੰਜਾਬੀ ਕਠਿਨਾਈ ਭਰੇ ਰਸਤਿਆਂ ਰਾਹੀਂ ਵਿਦੇਸ਼ ਜਾਣ ਦੌਰਾਨ ਮਾਲਟਾ ਕਾਂਡ ਵਰਗੇ ਭਿਆਨਕ ਹਾਦਸੇ ਵੀ ਵਾਪਰੇ ਹਨ, ਪਰ ਹੁਣ ਵਿਦੇਸ਼ਾਂ ‘ਚ ਬੈਠੇ ਆਪਣੇ ਰਿਸ਼ਤੇਦਾਰਾਂ ਰਾਹੀਂ ਜਾਂ ਪਰਿਵਾਰਕ ਮੈਂਬਰਾਂ ਰਾਹੀਂ ਸਪਾਂਸਰ ਮੰਗਵਾ ਕੇ ਕੈਨੇਡਾ, ਆਸਟ੍ਰੇਲੀਆ ਜਾਂ ਇੰਗਲੈਂਡ ਸਮੇਤ ਹੋਰ ਦੇਸ਼ਾਂ ਦੀ ਉਡਾਰੀ ਮਾਰ ਰਹੇ ਪੰਜਾਬੀਆਂ ਨੂੰ ਵਿਦੇਸ਼ਾਂ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਆਪਣੀ ਵਿਜ਼ਟਰ ਵੀਜ਼ੇ ਲਈ ਫਾਇਲ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਆਪਣੀ ਇਥੋਂ ਦੀ ਪ੍ਰਾਪਰਟੀ ਦੀ ਕੀਮਤ ਪਵਾ ਕੇ ਦਸਤਾਵੇਜ ਲਗਾਉਣੇ ਪੈਂਦੇ ਹਨ ਤੇ ਇਹ ਫਾਈਲ ਆਰਥਿਕ ਤੌਰ ‘ਤੇ ਜਿਨ੍ਹੀ ਭਾਰੀ ਬਣਦੀ ਹੈ, ਉਨ੍ਹੇ ਹੀ ਵੀਜ਼ਾ ਲੱਗਣ ਦੇ ਆਸਾਰ ਜਿਆਦਾ ਸਮਝੇ ਜਾਂਦੇ ਹਨ, ਜਿਸ ਕਰਕੇ ਪੰਜਾਬੀ ਇਕ-ਦੂਸਰੇ ਤੋਂ ਵਧ ਕੇ ਆਪਣੀ ਜਾਇਦਾਦ ਦੀ ਕੀਮਤ ਪਵਾਉਣ ਲਈ ਏਜੰਟਾਂ ਨੂੰ ਹਜ਼ਾਰਾਂ ਰੁਪਏ ਕੀਮਤ ਅਦਾ ਕਰ ਰਹੇ ਹਨ। ਇਥੇ ਹੀ ਬੱਸ ਨਹੀਂ ਬਹੁਤ ਸਾਰੇ ਪੰਜਾਬੀ ਆਪਣੀ ਵਿਦੇਸ਼ ਯਾਤਰਾ ਲਈ ਆਪਣੇ-ਆਪ ਨੂੰ ਲੱਖਪਤੀ ਦਿਖਾ ਕੇ ਕਰ ਵਿਭਾਗ ਕੋਲ ਆਪਣੀ ਬੋਗਸ ਇਨਕਮ ਦਿਖਾ ਕੇ ਟੈਕਸ ਦੀ ਰਿਟਰਨ ਵੀ ਭਰ ਰਹੇ ਹਨ।
ਵਿਭਾਗ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਭਾਵੇਂ ਸਾਲ 2019-2020 ਦੌਰਾਨ ਮੋਦੀ ਸਰਕਾਰ ਵਲੋਂ 5 ਲੱਖ ਰੁਪਏ ਤੱਕ ਦੀ ਇਨਕਮ ‘ਤੇ ਛੋਟ ਦੇ ਦਿੱਤੀ ਹੈ, ਪਰ ਵਿਦੇਸ਼ ਜਾਣ ਦੇ ਚਾਹਵਾਨ ਬਹੁਤ ਸਾਰੇ ਪੰਜਾਬੀ, ਜਿਹੜੇ ਜਾਂ ਤਾਂ ਬੇਰੁਜ਼ਗਾਰ ਹਨ ਜਾਂ ਫਿਰ ਖੇਤੀ ਧੰਦੇ ‘ਚ ਲੱਗੇ ਹੋਏ ਹਨ, ਉਹ ਵੀ ਆਪਣੀ ਵੱਧ ਤੋਂ ਵੱਧ ਇਨਕਮ ਦਿਖਾ ਕੇ ਹਰ ਸਾਲ ਟੈਕਸ ਦੀ ਰਿਟਰਨ ਵੀ ਭਰ ਰਹੇ ਹਨ ਜਦਕਿ ਰਾਜ ਦੀਆਂ ਵੱਡੀਆਂ ਫਰਮਾਂ ਟੈਕਸ ਤੋਂ ਬਚਣ ਲਈ ਆਪਣੀ ਇਨਕਮ ਛੁਪਾ ਰਹੀਆਂ ਹਨ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …