7.4 C
Toronto
Friday, May 1, 2026
spot_img
Homeਭਾਰਤਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ...

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਜੱਜ ਲਾਂਭੇ

ਜਸਟਿਸ ਰਾਜੀਵ ਸਿੰਘ ਨੇ ਆਸ਼ੀਸ਼ ਦੀ ਪਹਿਲੀ ਜ਼ਮਾਨਤ ਅਰਜ਼ੀ ਕੀਤੀ ਸੀ ਮਨਜ਼ੂਰ
ਲਖਨਊ/ਬਿਊਰੋ ਨਿਊਜ਼ : ਅਲਾਹਾਬਾਦ ਹਾਈਕੋਰਟ ਦੇ ਜੱਜ ਜਸਟਿਸ ਰਾਜੀਵ ਸਿੰਘ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਵਾਲੇ ਬੈਂਚ ਤੋਂ ਖੁਦ ਨੂੰ ਵੱਖ ਕਰ ਲਿਆ।
ਹਾਈ ਕੋਰਟ ਦੇ ਲਖਨਊ ਬੈਂਚ ਵਿੱਚ ਸ਼ਾਮਲ ਜਸਟਿਸ ਰਾਜੀਵ ਸਿੰਘ ਨੇ ਹੀ ਆਸ਼ੀਸ਼ ਮਿਸ਼ਰਾ ਨੂੰ ਪਹਿਲਾਂ ਜ਼ਮਾਨਤ ਦਿੱਤੀ ਸੀ। ਸੁਪਰੀਮ ਕੋਰਟ ਨੇ ਪਿਛਲੇ ਹਫਤੇ 18 ਅਪਰੈਲ ਨੂੰ ਆਸ਼ੀਸ਼ ਦੀ ਜ਼ਮਾਨਤ ਰੱਦ ਕਰਦਿਆਂ ਹਾਈਕੋਰਟ ਨੂੰ ਨਵੇਂ ਸਿਰੇ ਤੋਂ ਜ਼ਮਾਨਤ ਅਰਜ਼ੀ ‘ਤੇ ਵਿਚਾਰ ਕਰਨ ਲਈ ਕਿਹਾ ਸੀ। ਜਸਟਿਸ ਰਾਜੀਵ ਸਿੰਘ ਦੇ ਬੈਂਚ ਕੋਲ ਮੁੜ ਜ਼ਮਾਨਤ ਅਰਜ਼ੀ ਲੱਗੀ ਤਾਂ ਉਨ੍ਹਾਂ ਖੁਦ ਨੂੰ ਸੁਣਵਾਈ ਤੋਂ ਲਾਂਭੇ ਕਰ ਲਿਆ।
ਕੋਰਟ ਅਧਿਕਾਰੀ ਨੇ ਕਿਹਾ ਕਿ ਜ਼ਮਾਨਤ ਅਰਜ਼ੀ ‘ਤੇ ਅਗਲੀ ਸੁਣਵਾਈ ਲਈ ਅਜੇ ਤੱਕ ਕੋਈ ਤਰੀਕ ਨਿਰਧਾਰਿਤ ਨਹੀਂ ਹੋਈ। ਨਵੇਂ ਬੈਂਚ ਦੇ ਗਠਨ ਮਗਰੋਂ ਤਰੀਕ ਮੁਕੱਰਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਨੇ ਆਸ਼ੀਸ਼ ਮਿਸ਼ਰਾ ਨੂੰ ਪਹਿਲਾਂ ਇਸ ਆਧਾਰ ‘ਤੇ ਨਿਯਮਤ ਜ਼ਮਾਨਤ ਦੇ ਦਿੱਤੀ ਸੀ ਕਿ ਇਹ ‘ਵਾਹਨ ਵੱਲੋਂ ਟੱਕਰ ਮਾਰੇ ਜਾਣ ਕਰਕੇ ਹੋਏ ਹਾਦਸੇ’ ਦਾ ਕੇਸ ਬਣਦਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਕਹਿੰਦਿਆਂ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰ ਦਿੱਤੀ ਕਿ ਅਲਾਹਾਬਾਦ ਹਾਈ ਕੋਰਟ ਨੇ ਪੀੜਤ ਪਰਿਵਾਰਾਂ ਨੂੰ ‘ਨਿਰਪੱਖ ਤੇ ਅਸਰਦਾਰ ਸੁਣਵਾਈ’ ਦਾ ਮੌਕਾ ਨਹੀਂ ਦਿੱਤਾ।
ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਆਸ਼ੀਸ਼ ਮਿਸ਼ਰਾ ਨੇ ਐਤਵਾਰ ਨੂੰ ਲਖੀਮਪੁਰ ਖੀਰੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।
ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਸ਼ੀਸ਼ ਮਿਸ਼ਰਾ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਪਣੀ ਐੱਸਯੂਵੀ ਹੇਠ ਦਰੜਨ ਦਾ ਦੋਸ਼ ਹੈ। ਐੱਸਯੂਵੀ ਹੇਠ ਆ ਕੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ। ਇਸ ਘਟਨਾ ਮਗਰੋਂ ਭੜਕੀ ਹਿੰਸਾ ਵਿੱਚ ਦੋ ਭਾਜਪਾ ਵਰਕਰਾਂ ਤੇ ਐੱਸਯੂਵੀ ਦੇ ਡਰਾਈਵਰ ਦੀ ਮੌਤ ਹੋ ਗਈ ਸੀ।

RELATED ARTICLES
POPULAR POSTS