ਦੋਵੇਂ ਸੂਬਿਆਂ ਦੇ ਸਿਆਸੀ ਆਗੂਆਂ ਨੇ ਧਾਰਮਿਕ ਸਮਾਗਮਾਂ ‘ਚ ਕੀਤੀ ਸ਼ਮੂਲੀਅਤ
ਚੰਡੀਗੜ੍ਹ/ਬਿਊਰੋ ਨਿਊਜ਼
ਅਯੁੱਧਿਆ ਵਿੱਚ ਨਵੇਂ ਰਾਮ ਮੰਦਰ ਦੇ ਉਦਘਾਟਨ ਸਬੰਧੀ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਖੁਸ਼ੀ ਵਿੱਚ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵੀ ਭਗਵਾਨ ਰਾਮ ਦੇ ਰੰਗ ਵਿੱਚ ਰੰਗੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਵੱਡੀ ਗਿਣਤੀ ਲੋਕ ਮੰਦਰਾਂ ਵਿੱਚ ਗਏ, ਸ਼ੋਭਾ ਯਾਤਰਾਵਾਂ ਕੱਢੀਆਂ ਅਤੇ ਵੱਖ-ਵੱਖ ਥਾਵਾਂ ‘ਤੇ ਲੰਗਰ ਲਗਾਏ ਗਏ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਹੋਏ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਯੁੱਧਿਆ ‘ਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਲਾਈਵ ਪ੍ਰਸਾਰਨ ਕਰਨਾਲ ਵਿੱਚ ਟੀਵੀ ‘ਤੇ ਦੇਖਿਆ। ਇਸ ਦੌਰਾਨ ਉਨ੍ਹਾਂ ਇਕ ਮੰਦਰ ਵਿੱਚ ਪੂਜਾ ਵੀ ਕੀਤੀ। ਇਸ ਮੌਕੇ ਉਨ੍ਹਾਂ ‘ਜੈ ਸ੍ਰੀ ਰਾਮ’ ਦੇ ਜੈਕਾਰੇ ਛੱਡੇ ਅਤੇ ਭਜਨਾਂ ‘ਤੇ ਨੱਚੇ ਵੀ। ਉਨ੍ਹਾਂ ਕਿਹਾ ਕਿ 500 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਅਯੁੱਧਿਆ ਵਿੱਚ ਮਹਾਨ ਰਾਮ ਮੰਦਰ ਬਣਨ ਨਾਲ ਦੇਸ਼ ਤੇ ਦੁਨੀਆਂ ਭਰ ਦੇ ਕਰੋੜਾਂ ਲੋਕਾਂ ਦੀ ਇੱਛਾ ਪੂਰੀ ਹੋਈ ਹੈ। ਦੇਸ਼ ਭਰ ਵਿੱਚ ਲੱਖਾਂ ਲੋਕਾਂ ਨੇ ਆਪੋ-ਆਪਣੇ ਘਰਾਂ ਤੇ ਮੰਦਰਾਂ ਵਿੱਚ ਟੀਵੀ ‘ਤੇ ਇਸ ਸਮਾਰੋਹ ਦਾ ਲਾਈਵ ਪ੍ਰਸਾਰਨ ਦੇਖਿਆ। ਇਸ ਦੌਰਾਨ ਦੋਵੇਂ ਸੂਬੇ ਧਾਰਮਿਕ ਰੰਗ ਵਿੱਚ ਰੰਗੇ ਹੋਏ ਦਿਖਾਈ ਦਿੱਤੇ। ਮੰਦਰਾਂ ਤੇ ਗਲੀਆਂ ਵਿੱਚ ਭਗਵਾਨ ਰਾਮ ਦੀ ਤਸਵੀਰ ਵਾਲੇ ਝੰਡੇ ਲੱਗੇ ਹੋਏ ਸਨ। ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਜਿਨ੍ਹਾਂ ਵਿੱਚ ਸ਼ਰਧਾਲੂ ਰਾਮ ਦੇ ਭਜਨ ਗਾ ਰਹੇ ਸਨ। ਪੰਜਾਬ ਤੇ ਹਰਿਆਣਾ ਵਿੱਚ ਕਈ ਥਾਈਂ ਮੰਦਰਾਂ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਿਖਾਉਣ ਲਈ ਵੱਡੀਆਂ ਟੀਵੀ ਸਕਰੀਨਾਂ ਲਗਾਈਆਂ ਹੋਈਆਂ ਸਨ। ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਕਾਦੀਆਂ ਵਿੱਚ ਇਕ ਮੰਦਰ ‘ਚ ਹੋਏ ਧਾਰਮਿਕ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ ਅਤੇ ਲੋਕਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਮੁਬਾਰਕਬਾਦ ਦਿੱਤੀ।