Breaking News
Home / ਭਾਰਤ / ਜਲ੍ਹਿਆਂਵਾਲਾ ਬਾਗ ਸੋਧ ਬਿਲ ਲੋਕ ਸਭਾ ‘ਚ ਪਾਸ…ਕਾਂਗਰਸ ਪ੍ਰਧਾਨ ਨਹੀਂ ਰਹਿਣਗੇ ਟਰੱਸਟ ਦੇ ਸਥਾਈ ਮੈਂਬਰ

ਜਲ੍ਹਿਆਂਵਾਲਾ ਬਾਗ ਸੋਧ ਬਿਲ ਲੋਕ ਸਭਾ ‘ਚ ਪਾਸ…ਕਾਂਗਰਸ ਪ੍ਰਧਾਨ ਨਹੀਂ ਰਹਿਣਗੇ ਟਰੱਸਟ ਦੇ ਸਥਾਈ ਮੈਂਬਰ

ਮਾਨ ਬੋਲੇ-ਹਤਿਆਰੇ ਡਾਇਰ ਨੇ ਸ੍ਰੀਮਤੀ ਬਾਦਲ ਦੇ ਦਾਦਾ ਦੇ ਘਰ ਖਾਧਾ ਸੀ ਖਾਣਾ, ਹਰਸਿਮਰਤ ਬੋਲੀ-ਕੈਪਟਨ ਪਰਿਵਾਰ ਨੇ ਡਾਇਰ ਦੀ ਕੀਤੀ ਸੀ ਸਿਫ਼ਤ
ਨਵੀਂ ਦਿੱਲੀ : ਜਲ੍ਹਿਆਂਵਾਲਾ ਬਾਗ ਯਾਦਗਾਰ ਸੋਧ ਬਿਲ ਲੋਕ ਸਭਾ ‘ਚ ਪਾਸ ਹੋ ਗਿਆ। ਸੋਧੇ ਨਵੇਂ ਕਾਨੂੰਨ ਤਹਿਤ ਹੁਣ ਕਾਂਗਰਸ ਦੇ ਪ੍ਰਧਾਨ ਜਲ੍ਹਿਆਂਵਾਲਾ ਬਾਗ ਯਾਦਗਾਰ ਕਮੇਟੀ ਦੇ ਮੈਂਬਰ ਨਹੀਂ ਹੋਣਗੇ। ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਲੋਕ ਸਭਾ ‘ਚ ਇਸ ਸਬੰਧੀ ਬਿਲ ਪੇਸ਼ ਕੀਤਾ ਸੀ ਜਿਹੜਾ ਕਿ ਪਾਸ ਹੋ ਗਿਆ। ਜਲ੍ਹਿਆਂਵਾਲਾ ਬਾਗ ਰਾਸ਼ਟਰੀ ਯਾਦਗਾਰੀ ਐਕਟ 1951 ‘ਚ ਸੋਧ ਲਈ ਲਿਆਂਦੇ ਗਏ ਬਿਲ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਲ੍ਹਿਆਂਵਾਲਾ ਬਾਗ ਇਕ ਰਾਸ਼ਟਰੀ ਯਾਦਗਾਰ ਹੈ ਅਤੇ ਘਟਨਾ ਦੇ ਸੌ ਸਾਲ ਪੂਰੇ ਹੋਣ ਮੌਕੇ ਅਸੀਂ ਯਾਦਗਾਰ ਨੂੰ ਸਿਆਸਤ ਤੋਂ ਮੁਕਤ ਕਰਨਾ ਚਾਹੁੰਦੇ ਹਾਂ।
ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਨੇ ਇਕਮਤ ਨਾਲ ਬਿਲ ਨੂੰ ਮਨਜ਼ੂਰੀ ਦਿੱਤੀ। ਜਦਕਿ ਬਿਲ ਪਾਸ ਹੋਣ ਦੌਰਾਨ ਕਾਂਗਰਸ ਨੇ ਸਦਨ ‘ਚੋਂ ਵਾਕਆਊਟ ਕੀਤਾ। ਕੇਂਦਰੀ ਮੰਤਰੀ ਨੇ ਸਰਕਾਰ ‘ਤੇ ਇਤਿਹਾਸ ਬਦਲਣ ਦੇ ਕਾਂਗਰਸ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਤਿਹਾਸ ਨੂੰ ਕੋਈ ਨਹੀਂ ਬਦਲ ਸਕਦਾ। ਅੱਜ ਅਸੀਂ ਇਤਿਹਾਸ ਬਦਲ ਨਹੀਂ ਰਹੇ, ਬਲਕਿ ਜਲ੍ਹਿਆਂਵਾਲਾ ਬਾਗ ਯਾਦਗਾਰ ਨੂੰ ਸਿਆਸਤ ਤੋਂ ਮੁਕਤ ਕਰਕੇ ਰਾਸ਼ਟਰੀ ਯਾਦਗਾਰ ਬਣਾ ਕੇ ਇਤਿਹਾਸ ਰਚ ਰਹੇ ਹਾਂ।
ਪਟੇਲ ਨੇ ਕਿਹਾ ਕਿ ਯਾਗਾਰ ਦੀ ਸਥਾਪਨਾ ਸਮੇਂ ਜਵਾਹਰ ਲਾਲ ਨਹਿਰੂ, ਸੈਫੂਦੀਨ ਕਿਚਲੂ ਤੇ ਅਬਦੁੱਲ ਕਲਾਮ ਅਜ਼ਾਦ ਇਸ ਦੇ ਸਥਾਈ ਟਰੱਸਟੀ ਸਨ ਤੇ ਇਨ੍ਹਾਂ ਦੇ ਦੇਹਾਂਤ ਦੇ ਕਈ ਸਾਲ ਬਾਅਦ ਵੀ ਕਾਂਗਰਸ ਨੂੰ ਸਥਾਈ ਟਰੱਸਟੀਆਂ ਦਾ ਅਹੁਦਾ ਭਰਨ ਦੀ ਯਾਦ ਨਹੀਂ ਆਈ। ਕਾਂਗਰਸ ਨੂੰ ਯਾਦਗਾਰ ਦੇ ਇਤਿਹਾਸ ਦੀ ਏਨੀ ਚਿੰਤਾ ਹੈ ਤਾਂ ਉਸ ਨੇ ਯਾਦਗਾਰ ਦੇ ਟਰੱਸਟੀਆਂ ‘ਚ ਸਰਦਾਰ ਊਧਮ ਸਿੰਘ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਿਉਂ ਸ਼ਾਮਲ ਨਹੀਂ ਕੀਤਾ? ਕਾਂਗਰਸ ਸੰਸਦ ਮੈਂਬਰਾਂ ਨੇ ਬਿਲ ਦਾ ਵਿਰੋਧ ਕੀਤਾ ਤੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਕਾਂਡ ਤੋਂ ਬਾਅਦ ਯਾਦਗਾਰ ਬਣਾਉਣ ਲਈ ਜ਼ਮੀਨ ਕਾਂਗਰਸ ਪਾਰਟੀ ਨੇ ਦਿੱਤੀ ਸੀ ਤੇ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ। ਹੁਣ ਕੇਂਦਰ ਸਰਾਰ ਨੇ ਇਸ ‘ਚ ਬਦਲਾਅ ਕਰ ਦਿੱਤਾ ਹੈ। ਸੋਧੇ ਬਿਲ ‘ਚ ਕਾਂਗਰਸ ਪ੍ਰਧਾਨ ਨੂੰ ਕਮੇਟੀ ਦੇ ਮੈਂਬ ਵਜੋਂ ਨਾਮਜ਼ਦ ਪ੍ਰਧਾਨ ਨੂੰ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤੇ ਜਾਣ ਦੀ ਵਿਵਸਥਾ ਹਟਾ ਲਈ ਗਈ ਹੈ। ਨਵੇਂ ਬਿਲ ‘ਚ ਹੁਣ ਕਮੇਟੀ ਦੇ ਮੈਂਬਰ ਵਜੋਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਨੂੰ ਨਿਯੁਕਤ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ ਕਿਉਂਕਿ ਇਸ ਸਮੇਂ ਲੋਕ ਸਭਾ ‘ਚ ਕਸੇ ਨੂੰ ਵੀ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਹਾਸਲ ਨਹੀਂ ਹੈ, ਲਿਹਾਜ਼ਾ ਉਹ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ।
ਬਿਲ ਦੇ ਖਿਲਾਫ਼ ਕਾਂਗਰਸ ਦਾ ਵਾਕਆਊਟ, ਔਜਲਾ ਨੇ ਕਿਹਾ ਭਾਜਪਾ ਇਤਿਹਾਸ ਬਦਲ ਰਹੀ ਹੈ
ਭਾਜਪਾ ਸਾਵਰਕਰ ਦੀ ਗੱਲ ਕਰਦੀ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗੀ ਸੀ : ਮਾਨ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਚਰਚਾ ਦੇ ਦੌਰਾਨ ਭਾਜਪਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਸਾਵਰਕਰ ਦੀ ਗੱਲ ਕਰਦੇ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗੀ ਸੀ। ਇਸ ‘ਤੇ ਸੱਤਾਧਾਰੀ ਧਿਰ ਦੇ ਕੁੱਝ ਮੈਂਬਰਾਂ ਨੇ ਮਾਨ ਦੇ ਬਿਆਨ ਤੇ ਇਤਰਾਜ਼ ਪ੍ਰਗਟਾਇਆ। ਇਸ ਦੌਰਾਨ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਦਨ ‘ਚ ਆਉਣ ‘ਤੇ ਮਾਨ ਨੇ ਕਿਹਾ ਕਿ ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਨੂੰ ਜਿਸ ਦਿਨ ਅੰਜ਼ਾਮ ਦਿੱਤਾ ਸੀ, ਉਸੇ ਦਿਨ ਰਾਤ ਨੂੰ ਉਸ ਨੇ ਸ੍ਰੀਮਤੀ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਰਾਤ ਦਾ ਖਾਣਾ ਖਾਧਾ ਸੀ। ਹਰਸਿਮਰਤ ਕੌਰ ਬਾਦਲ ਨੇ ਇਸ ਦੇ ਜਵਾਬ ‘ਚ ਕੁੱਝ ਕਿਹਾ, ਪ੍ਰੰਤੂ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਸਕੀ। ਉਨ੍ਹਾਂ ਨੇ ਸਰਦਾਰ ਊਧਮ ਨੂੰ ਅਸਲੀ ਯੋਧਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਬੁੱਤ ਸਦਨ ‘ਚ ਲੱਗਣਾ ਚਾਹੀਦਾ ਹੈ।
ਕੈਪਟਨ ਪਰਿਵਾਰ ਨੇ ਡਾਇਰ ਨੂੰ ਟੈਲੀਗ੍ਰਾਮ ਭੇਜ ਕੇ ਕਿਹਾ ਸੀ-ਵਧੀਆ ਕੰਮ ਕੀਤਾ : ਹਰਸਿਮਰਤ
ਫੂਡ ਪ੍ਰੋਸੈਸਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਇਤਿਹਾਸ ਬਦਲਣ ਵਾਲੇ ਬਿਆਨ ‘ਤੇ ਕਿਹਾ ਕਿ ਕਾਂਗਰਸੀ ਮੈਂਬਰ 1984 ਦੇ ਸਿੱਖ ਕਤਲੇਆਮ ‘ਚ ਸ਼ਾਮਲ ਸਨ, ਇਹੀ ਉਨ੍ਹਾਂ ਦਾ ਇਤਿਹਾਸ ਹੈ। ਉਨ੍ਹਾਂ ਨੇ ਜਨਰਲ ਡਾਇਰ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਬੰਧਾਂ ‘ਤੇ ਕਿਹਾ ਕਿ ਕੈਪਟਨ ਦੇ ਪਰਿਵਾਰ ਵਾਲਿਆਂ ਨੇ ਡਾਇਰ ਨੂੰ ਟੈਲੀਗ੍ਰਾਮ ਭੇਜ ਕੇ ਕਿਹਾ ਸੀ ਕਿ ਤੁਸੀਂ ਜਲ੍ਹਿਆਂਵਾਲਾ ਬਾਗ ‘ਚ ਐਕਸ਼ਨ ਲੈ ਕੇ ਬਹੁਤ ਵਧੀਆ ਕੰਮ ਕੀਤਾ ਹੈ। ਜਨਰਲ ਡਾਇਰ ਨੇ ਆਪਣੀ ਆਟੋ ਬਾਇਓਗ੍ਰਾਫੀ ‘ਚ ਵੀ ਇਸ ਗੱਲ ਨੂੰ ਮੰਨਿਆ ਹੈ। ਇਹੀ ਨਹੀਂ, ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਹੁਕਮ ਦੇਣ ਵਾਲੇ ਡਾਇਰ ਦੇ ਨਾਲ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਮਿਲਾਉਣ ਵਾਲਾ ਅਤੇ ਉਨ੍ਹਾਂ ਦੇ ਨਾਲ ਖਾਣਾ ਖਾਣ ਵਾਲਾ ਇਕ ਵੀਡੀਓ ਵੀ ਉਹ ਸ਼ੇਅਰ ਕਰ ਸਕਦੀ ਹੈ।
ਟਵਿੱਟਰ ‘ਤੇ ਜੰਗ ਦੀ ਤਰ੍ਹਾਂ ਹਰਸਿਮਰਤ ਝੂਠੇ ਪ੍ਰਚਾਰ ਦੀ ਜੰਗ ਵੀ ਹਾਰੇਗੀ : ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਝੂਠੇ ਪ੍ਰਚਾਰ ਦੀ ਜੰਗ ਉਸੇ ਤਰ੍ਹਾਂ ਹਾਰ ਜਾਵੇਗੀ ਜਿਸ ਤਰ੍ਹਾਂ ਉਹ ਕੁਝ ਮਹੀਨੇ ਪਹਿਲਾਂ ਟਵਿੱਟ ‘ਤੇ ਜੰਗ ਹਾਰ ਗਈ ਸੀ। ਕਾਂਗਰਸੀ ਵਿਧਾਇਕ ਅਕਾਲੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਫੈਲਾਏ ਜਾ ਰਹੇ ਝੂਠੇ ਪ੍ਰਚਾਰ ‘ਤੇ ਹਮਲਾ ਬੋਲਦੇ ਹੋਏ ਸਹੀ ਢੰਗ ਨਾਲ ਮੁਕਾਬਲਾ ਕਰਨ। ਕੈਪਟਨ ਨੇ ਕਿਹਾ ਕਿ ਇਨ੍ਹਾਂ ਦਾ ਹਾਲ ਪਹਿਲਾਂ ਵਾਲਾ ਹੀ ਹੋਵੇਗਾ ਅਤੇ ਬੀਬੀ ਹਰਸਿਮਰਤ ਕੌਰ ਨੂੰ ਮੂੰਹ ਦੀ ਖਾਣੀ ਪਵੇਗੀ।
ਚਰਚਾ ਦੇ ਹੇਠਲੇ ਪੱਧਰ ‘ਤੇ ਮੈਂ ਸ਼ਰਮਿੰਦਾ ਹਾਂ : ਪਟੇਲ
ਸੰਸਕ੍ਰਿਤੀ ਅਤੇ ਆਵਾਜਾਈ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਇਹ ਬਿਲ ਜਲ੍ਹਿਆਂਵਾਲਾ ਬਾਗ ਦੇ ਸ਼ਤਾਬਦੀ ਵਰ੍ਹਾ ਪੂਰਾ ਹੋਣ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆਂਦਾ ਸੀ। ਪ੍ਰੰਤੂ ਚਰਚਾ ਨੂੰ ਅਸੀਂ ਜਿਸ ਹੇਠਲੇ ਪੱਧਰ ‘ਤੇ ਲੈ ਕੇ ਬਹਿਸਬਾਜ਼ੀ ‘ਚ ਰੁੱਝੇ ਹੋਏ ਹਾਂ, ਉਹ ਬਰਦਾਸ਼ਤ ਤੋਂ ਬਾਹਰ ਹੈ ਅਤੇ ਮੈਂ ਇਸ ਕਾਰੇ ਤੋਂ ਬਹੁਤ ਸ਼ਰਮਿੰਦਾ ਹਾਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਿਲ ਦੇ ਸਮਰਥਨ ‘ਚ 214 ‘ਚ ਵੋਟ ਪਏ ਅਤੇ ਵਿਰੋਧ ‘ਚ ਸਿਰਫ਼ 30 ਵੋਟ ਪਏ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …