Breaking News
Home / ਕੈਨੇਡਾ / Front / ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰਤੀ ਫੌਜ ਦੇ ਜਵਾਨ ਸੰਗਤ ਲਈ ਰਸਤਾ ਕਰਨਗੇ ਤਿਆਰ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰਤੀ ਫੌਜ ਦੇ ਜਵਾਨ ਸੰਗਤ ਲਈ ਰਸਤਾ ਕਰਨਗੇ ਤਿਆਰ

25 ਮਈ ਤੋਂ ਸ਼ੁਰੂ ਹੋਣੀ ਹੈ ਸਲਾਨਾ ਯਾਤਰਾ
ਅੰਮਿ੍ਰਤਸਰ/ਬਿਊਰੋ ਨਿਊਜ਼
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਤਿਆਰੀ ਲਈ ਭਾਰਤੀ ਫੌਜ ਦੇ ਜਵਾਨਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਦਾ ਕਰੀਬ 50 ਮੈਂਬਰੀ ਦਲ ਬਰਫ ਕੱਟ ਕੇ ਰਸਤੇ ਤਿਆਰ ਕਰਨ ਅਤੇ ਹੋਰ ਪ੍ਰਬੰਧ ਕਰਨ ਲਈ 22 ਅਪਰੈਲ ਨੂੰ ਰਵਾਨਾ ਹੋਵੇਗਾ। ਜੋ 20 ਮਈ ਤੱਕ ਸਮੁੱਚੇ ਰਸਤੇ ਤਿਆਰ ਕਰੇਗਾ ਅਤੇ ਹੋਰ ਪ੍ਰਬੰਧ ਕਰੇਗਾ ਤਾਂ ਜੋ 25 ਮਈ ਤੋਂ ਸਾਲਾਨਾ ਯਾਤਰਾ ਆਰੰਭ ਕੀਤੀ ਜਾ ਸਕੇ। ਉੱਤਰਾਖੰਡ ਸਥਿਤ ਕਰੀਬ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਵੇਲੇ 12 ਤੋਂ 15 ਫੁੱਟ ਤੱਕ ਬਰਫ ਹੈ ਅਤੇ ਸਮੁੱਚਾ ਖੇਤਰ ਬਰਫ ਨਾਲ ਢਕਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ਤਾਂ ਪੂਰੀ ਤਰ੍ਹਾਂ ਬਰਫ ਵਿੱਚ ਹੈ ਅਤੇ ਸਰੋਵਰ ਵੀ ਬਰਫ ਨਾਲ ਢਕਿਆ ਹੋਇਆ ਹੈ। ਇੰਨੀ ਉਚਾਈ ਵਾਲੇ ਖੇਤਰ ਵਿਚ ਅੱਜ ਕੱਲ੍ਹ ਵੀ ਬਰਫ ਪੈ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਉੱਤਰਾਖੰਡ ਸਰਕਾਰ ਦੇ ਸਹਿਯੋਗ ਨਾਲ ਇਹ ਸਾਲਾਨਾ ਯਾਤਰਾ ਇਸ ਵਾਰ 25 ਮਈ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਭਾਰਤੀ ਫੌਜ ਦੇ ਜਵਾਨ ਸੰਗਤ ਲਈ ਰਸਤਾ ਤਿਆਰ ਕਰਨ ਲਈ 20 ਅਪਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਵਿਖੇ ਪੁੱਜ ਜਾਣਗੇ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …