![](https://parvasinewspaper.com/wp-content/uploads/2024/01/Narinder-Modi-1-300x169.jpg)
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪਿ੍ਰਅਤਾ ਦੀ ਦੁਨੀਆ ਭਰ ’ਚ ਚਰਚਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਾਲ 2023 ’ਚ ਭਾਜਪਾ ਨੇ ਤਿੰਨ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਇਸਦੇ ਨਾਲ ਹੀ ਆਉਂਦੀ 22 ਜਨਵਰੀ ਨੂੰ ਵਿਸ਼ਾਲ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਨ੍ਹਾਂ ਸਾਰੇ ਮੁੱਦਿਆਂ ਕਾਰਨ ਭਾਰਤੀ ਜਨਤਾ ਪਾਰਟੀ ਦੀ ਤਾਕਤ ਦੀ ਚਰਚਾ ਪੂਰੀ ਦੁਨੀਆ ’ਚ ਹੋ ਰਹੀ ਹੈ। ਬਿ੍ਰਟਿਸ਼ ਅਖਬਾਰ ‘ਦਿ ਗਾਰਜੀਅਨ’ ਦੇ ਇਕ ਕਾਲਮ ’ਚ ਜ਼ਿਕਰ ਕੀਤਾ ਗਿਆ ਸੀ ਕਿ ਭਾਰਤ ਵਿਚ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਹੈਟਿ੍ਰਕ ਲਗਾ ਸਕਦੀ ਹੈ। ਹੰਨਾ ਐਲਿਸ-ਪੀਟਰਸਨ ਨੇ ਆਪਣੇ ਕਾਲਮ ’ਚ ਜ਼ਿਕਰ ਕੀਤਾ ਕਿ ਪਿਛਲੇ ਸਾਲ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ’ਚ ਭਾਜਪਾ ਦੀ ਜਿੱਤ ਨੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਕਾਰਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਤਾਕਤ ਹੋਰ ਵਧ ਚੁੱਕੀ ਹੈ। ਕਾਲਮ ਵਿਚ ‘ਇੰਡੀਆ’ ਦੇ ਨਾਮ ਗਠਜੋੜ ਸਬੰਧੀ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਵਿਰੋਧੀ ਪਾਰਟੀ ਅਜੇ ਵੀ ਅਹਿਮ ਮੁੱਦਿਆਂ ’ਤੇ ਇਕਜੁੱਟ ਨਹੀਂ ਹੈ।