ਰੈਲੀ ਨੂੰ ਦਿੱਤਾ ਗਿਆ ਲੋਕ-ਮਿਲਣੀ ਦਾ ਨਾਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਐਕਸ਼ਨ ਵਿਚ ਆ ਗਏ ਹਨ। ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਚਿਤਾਵਨੀਆਂ ਦੀ ਪ੍ਰਵਾਹ ਕੀਤੇ ਬਿਨਾ 7 ਜਨਵਰੀ ਨੂੰ ਬਠਿੰਡਾ ਵਿਚ ਆਪਣੀ ਵੱਖਰੀ ਰੈਲੀ ਰੱਖ ਲਈ ਹੈ। ਇਸ ਰੈਲੀ ਨੂੰ ਉਨ੍ਹਾਂ ਲੋਕ-ਮਿਲਣੀ ਦਾ ਨਾਮ ਦਿੱਤਾ ਹੈ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ । ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਨਵਜੋਤ ਸਿੱਧੂ ਵਲੋਂ ਇਹ ਰੈਲੀ ਬਠਿੰਡਾ ਦੇ ਕੋਟ ਸ਼ਮੀਰ ਵਿਚ ਕੀਤੀ ਜਾਵੇਗੀ। ਨਵਜੋਤ ਸਿੱਧੂ ਨੇ ਇਸ ਰੈਲੀ ਸਬੰਧੀ ਬਣਾਏ ਗਏ ਪੋਸਟਰ ਵਿਚ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਲਗਾਈ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣਾਏ ਗਏ ਇੰਚਾਰਜ ਨਾਲ ਦਿੱਲੀ ’ਚ ਮੁਲਾਕਾਤ ਵੀ ਕੀਤੀ ਸੀ। ਨਵਜੋਤ ਸਿੱਧੂ ਵਲੋਂ ਅਪਣਾਈ ਜਾ ਰਹੀ ਵੱਖਰੀ ਰਾਹ ਤੋਂ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਨਰਾਜ਼ ਵੀ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਨਵਜੋਤ ਸਿੱਧੂ ਨੂੰ ਸਲਾਹ ਦੇ ਚੁੱਕੇ ਹਨ ਕਿ ਉਹ ਪਾਰਟੀ ਦੇ ਨਾਲ ਮਿਲ ਕੇ ਹੀ ਚੱਲਣ ਅਤੇ ਪਾਰਟੀ ਸਬੰਧੀ ਆਪਣੇ ਵੱਖਰੇ ਸਮਾਗਮ ਨਾ ਕਰਨ। ਬਾਜਵਾ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਨਵਜੋਤ ਸਿੱਧੂ ਦੀ ਪ੍ਰਧਾਨਗੀ ਸਮੇਂ ਕਾਂਗਰਸ ਪੰਜਾਬ ਵਿਚ 78 ਸੀਟਾਂ ਤੋਂ 18 ਸੀਟਾਂ ਤੱਕ ਆ ਗਈ ਹੈ ਅਤੇ ਉਨ੍ਹਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।