Breaking News
Home / ਭਾਰਤ / ਸੰਸਦ ਵਿੱਚ ਹਾਜ਼ਰੀ ਪੱਖੋਂ ਕਿਰਨ ਖੇਰ ਮੋਹਰੇ, ਰੇਖਾ ਪਿੱਛੇ

ਸੰਸਦ ਵਿੱਚ ਹਾਜ਼ਰੀ ਪੱਖੋਂ ਕਿਰਨ ਖੇਰ ਮੋਹਰੇ, ਰੇਖਾ ਪਿੱਛੇ

sansad-vich-hajriਭਗਵੰਤ ਮਾਨ ਦੀ ਹਾਜ਼ਰੀ 64 ਫੀਸਦੀ ਰਹੀ; ਪਰੇਸ਼ ਰਾਵਲ ਤੇ ਮਨੋਜ ਤਿਵਾੜੀ ਦੀ ਕਾਰਗੁਜ਼ਾਰੀ ਵੀ ਚੰਗੀ
ਨਵੀਂ ਦਿੱਲੀ : ਅਦਾਕਾਰ ਤੋਂ ਸੰਸਦ ਮੈਂਬਰ ਬਣਨ ਵਾਲਿਆਂ ਵਿੱਚੋਂ ਸੰਸਦ ਵਿੱਚ ਹਾਜ਼ਰੀ ਪੱਖੋਂ ਭਾਜਪਾ ਦੀ ਕਿਰਨ ਖੇਰ ਨੇ ਬਾਜ਼ੀ ਮਾਰ ਲਈ, ਜਦੋਂ ਕਿ ਰੇਖਾ ਫਾਡੀ ਰਹੀ। ਸੰਸਦ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਵਾਲੇ ਗੈਰ ਸਰਕਾਰੀ ਸੰਗਠਨ ‘ਪੀਆਰਐਸ ਲੈਜਿਸਲੇਟਿਵ ਰਿਸਰਚ’ ਅਨੁਸਾਰ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੀ ਕਿਰਨ ਖੇਰ ਦੀ ਸੰਸਦ ਵਿੱਚ ਹਾਜ਼ਰੀ 85 ਫੀਸਦੀ ਰਹੀ, ਜੋ ਬਾਕੀ ਸਾਰੇ ਅਦਾਕਾਰ ਮੈਂਬਰਾਂ ਨਾਲੋਂ ਵੱਧ ਹੈ। ਉਨ੍ਹਾਂ ਤੋਂ ਬਾਅਦ ਅਹਿਮਦਾਬਾਦ ਪੂਰਬੀ ਹਲਕੇ ਤੋਂ ਭਾਜਪਾ ਦੇ ਮੈਂਬਰ ਪਰੇਸ਼ ਰਾਵਲ, ਤ੍ਰਿਣਮੂਲ ਕਾਂਗਰਸ ਦੇ ਬੀਰਭੂਮ ਤੋਂ ਚੁਣੀ ਸ਼ਤਾਬਦੀ ਰਾਏ ਅਤੇ ਉੱਤਰੀ ਪੂਰਬੀ ਦਿੱਲੀ ਤੋਂ ਚੁਣੇ ਭੋਜਪੁਰੀ ਗਾਇਕ ਤੇ ਕਲਾਕਾਰ ਮਨੋਜ ਤਿਵਾੜੀ (ਭਾਜਪਾ) ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਾਰਿਆਂ ਦੀ ਹਾਜ਼ਰੀ 76 ਫੀਸਦੀ ਦਰਜ ਹੋਈ। ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੀ ਹਾਜ਼ਰੀ ਦੀ ਕੌਮੀ ਔਸਤ 82 ਫੀਸਦੀ ਹੈ, ਜਦੋਂ ਕਿ ਰਾਜ ਸਭਾ ਵਿੱਚ ਹਾਜ਼ਰੀ ਦੀ ਔਸਤ 79 ਪ੍ਰਤੀਸ਼ਤ ਹੈ। ਮਥੁਰਾ ਹਲਕੇ ਤੋਂ ਚੁਣੀ ਅਦਾਕਾਰਾ ਹੇਮਾ ਮਾਲਿਨੀ ਦੀ ਸੰਸਦ ਵਿੱਚ ਹਾਜ਼ਰੀ 37 ਫੀਸਦੀ ਰਹੀ। ਉਹ 10 ਬਹਿਸਾਂ ਵਿੱਚ ਸ਼ਾਮਲ ਹੋਈ ਅਤੇ 113 ਸਵਾਲ ਪੁੱਛੇ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦੇਵ ਅਧਿਕਾਰੀ ਦੀ ਹਾਜ਼ਰੀ ਸਿਰਫ਼ ਨੌਂ ਫੀਸਦੀ ਰਹੀ। ‘ਅਗਨੀਪਥ’ ਫਿਲਮ ਦੇ ਇਸ ਕਲਾਕਾਰ ਨੇ ਸਿਰਫ਼ ਇਕ ਬਹਿਸ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਹੁਣ ਤੱਕ ਇਕ ਵੀ ਸਵਾਲ ਨਹੀਂ ਪੁੱਛਿਆ। ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਅਦਾਕਾਰ ਮਿਥੁਨ ਚਕਰਵਰਤੀ ਦੀ ਹਾਜ਼ਰੀ ਵੀ ਸਿਰਫ਼ 10 ਫੀਸਦੀ ਰਹੀ। ਇਸ 66 ਸਾਲਾ ਅਦਾਕਾਰ ਨੇ ਨਾ ਤਾਂ ਕੋਈ ਸਵਾਲ ਪੁੱਛਿਆ ਅਤੇ ਨਾ ਕਿਸੇ ਬਹਿਸ ਵਿੱਚ ਭਾਗ ਲਿਆ। ਅਦਾਕਾਰਾ ਵਿੱਚੋਂ ਰੇਖਾ ਦੀ ਹਾਜ਼ਰੀ ਸਭ ਤੋਂ ਘੱਟ ਪੰਜ ਫੀਸਦੀ ਰਹੀ। ਅਪਰੈਲ 2012 ਵਿੱਚ ਰਾਜ ਸਭਾ ਲਈ ਨਾਮਜ਼ਦ ਹੋਈ ਰੇਖਾ ਨੇ ਇਕ ਵੀ ਸਵਾਲ ਨਹੀਂ ਪੁੱਛਿਆ ਅਤੇ ਨਾ ਕਿਸੇ ਬਹਿਸ ਵਿੱਚ ਹਿੱਸਾ ਲਿਆ। ਤ੍ਰਿਣਮੂਲ ਕਾਂਗਰਸ ਦੀ ਮੁਨ ਮੁਨ ਸੇਨ ਅਤੇ ਤਾਪਸ ਪਾਲ ਦੀ ਹਾਜ਼ਰੀ ਕ੍ਰਮਵਾਰ 70 ਤੇ 64 ਫੀਸਦੀ ਰਹੀ। ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਵਿਨੋਦ ਖੰਨਾ ਦੀ ਹਾਜ਼ਰੀ 59 ਫੀਸਦੀ ਰਹੀ। ਕਾਮੇਡੀਅਨ ਤੋਂ ਸਿਆਸਤ ਵਿੱਚ ਆਏ ਅਤੇ ਸੰਗਰੂਰ ਹਲਕੇ ਦੀ ਨੁਮਾਇੰਦਗੀ ਕਰਦੇ ਭਗਵੰਤ ਮਾਨ ਦੀ ਹਾਜ਼ਰੀ 64 ਫੀਸਦੀ ਰਹੀ। ਉਨ੍ਹਾਂ 79 ਬਹਿਸਾਂ ਵਿੱਚ ਹਿੱਸਾ ਲਿਆ ਅਤੇ 39 ਸਵਾਲ ਪੁੱਛੇ। ਸਮਾਜਵਾਦੀ ਪਾਰਟੀ ਦੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਜਯਾ ਬਚਨ ਦੀ ਹਾਜ਼ਰੀ 74 ਅਤੇ ਪਟਨਾ ਸਾਹਿਬ ਤੋਂ ਭਾਜਪਾ ਦੇ ਮੈਂਬਰ ਸ਼ਤਰੂਘਨ ਸਿਨਹਾ ਦੀ ਹਾਜ਼ਰੀ 68 ਫੀਸਦੀ ਰਹੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …