ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਸੰਗਠਿਤ ਗੈਰਕਾਨੂੰਨੀ ਨਿਵੇਸ਼ ਤੇ ‘ਪਾਰਟ-ਟਾਈਮ’ ਨੌਕਰੀਆਂ ਦੇ ਨਾਂ ਉਤੇ ਧੋਖਾਧੜੀ ਕਰਨ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਇਨ੍ਹਾਂ ਵੈੱਬਸਾਈਟਾਂ ਨੂੰ ਵਿਦੇਸ਼ ਵਿਚ ਬੈਠੇ ਲੋਕ ਚਲਾ ਰਹੇ ਸਨ ਤੇ ਇਨ੍ਹਾਂ ਵਿਚ ਜ਼ਿਆਦਾਤਰ ਸੇਵਾਮੁਕਤ ਕਰਮਚਾਰੀਆਂ, ਔਰਤਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ‘ਪਾਰਟ-ਟਾਈਮ’ ਨੌਕਰੀਆਂ ਦੇਣ ਬਹਾਨੇ ਨਿਸ਼ਾਨਾ ਬਣਾਇਆ ਗਿਆ।
ਕੇਂਦਰੀ ਗ੍ਰਹਿ ਮੰਤਰਾਲੇ ਦੀ ਇਕਾਈ ‘ਇੰਡੀਅਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ’ ਨੇ ਆਪਣੀ ਰਾਸ਼ਟਰੀ ਸਾਈਬਰ ਅਪਰਾਧ ਜੋਖ਼ਮ ਵਿਸ਼ਲੇਸ਼ਣ ਇਕਾਈ ਜ਼ਰੀਏ ਪਿਛਲੇ ਸਾਲ ਸੰਗਠਿਤ ਨਿਵੇਸ਼ ਤੇ ‘ਟਾਸਕ ਬੇਸਡ ਪਾਰਟ-ਟਾਈਮ ਜੌਬ’ ਦੇ ਨਾਂ ਉਤੇ ਧੋਖਾਧੜੀ ਕਰਨ ਵਾਲੀਆਂ ਵੈੱਬਸਾਈਟਾਂ ਦੀ ਪਛਾਣ ਕੀਤੀ ਸੀ ਤੇ ਉਨ੍ਹਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ।