‘ਅਪਾਚੇ’ ਹੈਲੀਕਾਪਟਰ ਕਈ ਮਿਸ਼ਨਾਂ ਨੂੰ ਪੂਰਾ ਕਰਨ ਦੇ ਸਮਰੱਥ : ਧਨੋਆ
ਪਠਾਨਕੋਟ/ਬਿਊਰੋ ਨਿਊਜ਼ : ਅਮਰੀਕਾ ਵਿਚ ਬਣੇ ਅੱਠ ‘ਅਪਾਚੇ-ਏਐੱਚ-64ਈ’ ਲੜਾਕੂ ਹੈਲੀਕਾਪਟਰਾਂ ਨੂੰ ਮੰਗਲਵਾਰ ਨੂੰ ਅਧਿਕਾਤਰ ਤੌਰ ‘ਤੇ ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਪਠਾਨਕੋਟ ਏਅਰਬੇਸ ‘ਤੇ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ।
ਸਮਾਗਮ ‘ਚ ਏਅਰ ਫੋਰਸ ਮੁਖੀ ਤੇ ਚੇਅਰਮੈਨ ਚੀਫ਼ ਆਫ਼ ਸਟਾਫ਼ ਕਮੇਟੀ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਬੋਇੰਗ ਇੰਡੀਆ ਲਿਮਟਿਡ ਦੇ ਚੇਅਰਮੈਨ ਸਲਿਲ ਗੁਪਤੇ, ਹਵਾਈ ਫ਼ੌਜ ਦੀ ਪੱਛਮੀ ਕਮਾਂਡ ਦੇ ਮੁਖੀ ਆਰ. ਨਾਂਬਿਆਰ, ਏਅਰ ਫੋਰਸ ਅਕੈਡਮੀ ਕਮਾਂਡਰ ਏਅਰ ਮਾਰਸ਼ਲ ਏ.ਐੱਸ. ਬੁਟੋਲਾ ਤੇ ਹੋਰ ਕਈ ਅਧਿਕਾਰੀ ਇਸ ਮੌਕੇ ਹਾਜ਼ਰ ਸਨ। ਹੈਲੀਕਾਪਟਰਾਂ ਨੂੰ ਬੇੜੇ ‘ਚ ਸ਼ਾਮਲ ਕਰਨ ਤੋਂ ਪਹਿਲਾਂ ਪੰਡਿਤ, ਸਿੱਖ ਭਾਈ, ਪਾਰਸੀ ਤੇ ਮੌਲਵੀ ਵੱਲੋਂ ਪੂਜਾ ਅਰਚਨਾ, ਅਰਦਾਸ ਤੇ ਪ੍ਰਾਰਥਨਾ ਕੀਤੀ ਗਈ।
ਇਸ ਤੋਂ ਬਾਅਦ ਰਸਮ ਮੁਤਾਬਕ ਨਾਰੀਅਲ ਤੋੜਿਆ ਗਿਆ। ਇਸ ਮੌਕੇ ਦੋ ‘ਅਪਾਚੇ’ ਹੈਲੀਕਾਪਟਰਾਂ ਨੇ ਉਡਾਨ ਭਰੀ ਤੇ ਕਲਾਬਾਜ਼ੀਆਂ ਖਾਣ ਤੋਂ ਬਾਅਦ ਇਕ ਹੈਲੀਕਾਪਟਰ ਨੇ ਪਾਣੀ ਦੀਆਂ ਬੁਛਾੜਾਂ ਵਿਚ ਲੈਂਡ ਕੀਤਾ। ਇਸ ਮੌਕੇ ਏਅਰ ਚੀਫ਼ ਮਾਰਸ਼ਲ ਬੀ.ਐੱਸ. ਧਨੋਆ ਨੇ ਕਿਹਾ ਕਿ ਅੱਜ ਦਾ ਦਿਨ ਸੁਭਾਗਾ ਹੈ ਤੇ ਉਹ ਦੇਸ਼ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਨ। ਏਅਰ ਫੋਰਸ ਮੁਖੀ ਨੇ ਕਿਹਾ ਕਿ ਹੈਲੀਕਾਪਟਰਾਂ ਦੀ ਡਿਲੀਵਰੀ ਸਮੇਂ ਸਿਰ ਮਿਲੀ ਹੈ। ਅੱਠ ਹੈਲੀਕਾਪਟਰ ਸੌਂਪੇ ਜਾ ਚੁੱਕੇ ਹਨ। ਭਾਰਤ ਦਾ ਬੋਇੰਗ ਤੇ ਅਮਰੀਕੀ ਸਰਕਾਰ ਨਾਲ 22 ਹੈਲੀਕਾਪਟਰ ਖ਼ਰੀਦਣ ਦਾ ਸਮਝੌਤਾ ਹੈ। ਅੰਤਿਮ ਬੈਚ ਮਾਰਚ 2020 ਤੱਕ ਭਾਰਤ ਨੂੰ ਮਿਲ ਜਾਵੇਗਾ। ਇਨ੍ਹਾਂ ਹੈਲੀਕਾਪਟਰਾਂ ਨੂੰ ਪੱਛਮੀ ਖੇਤਰ ਵਿੱਚ ਤਾਇਨਾਤ ਕੀਤਾ ਜਾਵੇਗਾ।
ਇਸ ਮੌਕੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ. ਧਨੋਆ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਬਿਹਤਰੀਨ ਲੜਾਕੂ ਜਹਾਜ਼ਾਂ ‘ਚੋਂ ਇੱਕ ਹਨ ਅਤੇ ਇਹ ਹੈਲੀਕਾਪਟਰ ਕਈ ਮਿਸ਼ਨਾਂ ਨੂੰ ਪੂਰਾ ਕਰਨ ‘ਚ ਵੀ ਸਮਰੱਥ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਪਾਚੇ ਦੇ ਭਾਰਤੀ ਹਵਾਈ ਫ਼ੌਜ ਦੇ ਬੇੜੇ ‘ਚ ਸ਼ਾਮਲ ਹੋਣ ਦੇ ਨਾਲ ਹੀ ਹਵਾਈ ਫ਼ੌਜ ‘ਚ ਇੱਕ ਨਵੀਂ ਪੀੜੀ ਦੀ ਸ਼ੁਰੂਆਤ ਹੋ ਗਈ ਹੈ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰਾਂ ਵਿਚੋਂ ਇਕ ਅਪਾਚੇ ਦੇ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਧਿਆਨ ਰਹੇ ਕਿ ਭਾਰਤ ਆਪਣੇ ਹੈਲੀਕਾਪਟਰ ਨੂੰ ਜੰਗੀ ਬੇੜੇ ਵਿਚ ਸ਼ਾਮਲ ਕਰਨ ਵਾਲਾ ਦੁਨੀਆ ਦਾ 14ਵਾਂ ਦੇਸ਼ ਬਣ ਗਿਆ ਹੈ।
ਐਮਆਈ-35 ਹੈਲੀਕਾਪਟਰਾਂ ਦੀ ਥਾਂ ਲੈਣਗੇ ਅਪਾਚੇ
ਬੇਹੱਦ ਵਿਕਸਿਤ ‘ਅਪਾਚੇ’, ਐਮਆਈ-35 ਹੈਲੀਕਾਪਟਰਾਂ ਦੀ ਥਾਂ ਲੈ ਲੈਣਗੇ ਕਿਉਂਕਿ ਇਹ ਬਹੁਤ ਪੁਰਾਣੇ ਹੋ ਚੁੱਕੇ ਸਨ। ‘ਅਪਾਚੇ’ ਐਂਟੀ ਟੈਂਕ ਗਾਈਡਿਡ ਮਿਜ਼ਾਈਲ, ਏਅਰ-ਟੂ-ਏਅਰ ਮਿਜ਼ਾਈਲ, ਰਾਕੇਟ ਅਤੇ ਹੋਰ ਐਮਿਊਨੀਸ਼ਨ (ਗੋਲਾ ਬਾਰੂਦ) ਨਾਲ ਲੈਸ ਹੋਵੇਗਾ। ਇਸ ਵਿਚ ਲੱਗਣ ਵਾਲੀ ਮਸ਼ੀਨਗੰਨ ‘ਚ 1200 ਰਾਊਂਡ ਭਰੇ ਜਾ ਸਕਦੇ ਹਨ। ਸੈਂਸਰ ਲੱਗੇ ਹੋਣ ਕਾਰਨ ਇਹ ਰਾਤ ਤੇ ਹਰ ਮੌਸਮ ਵਿੱਚ ਕੰਮ ਕਰ ਸਕੇਗਾ। ਇਹ ਰਾਡਾਰ ਵਿੱਚ ਵੀ ਨਹੀਂ ਆ ਸਕੇਗਾ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …