7 ਅਕਤੂਬਰ ਨੂੰ ਕਾਂਗਰਸੀ ਲੰਬੀ ‘ਚ ਅਤੇ ਅਕਾਲੀ ਦਲ ਪਟਿਆਲਾ ‘ਚ ਕਰੇਗਾ ਸੂਬਾ ਪੱਧਰੀ ਰੈਲੀ
ਲੰਬੀ : ਜ਼ਿਲ੍ਹਾ ਪਰਿਸ਼ਦ-ਬਲਾਕ ਸਮਿਤੀ ਚੋਣਾਂ ਵਿਚ ਜਿੱਤ-ਹਾਰ ਮਗਰੋਂ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਸੂਬੇ ਵਿਚ ਰੈਲੀਆਂ ਜ਼ਰੀਏ ਇੱਕ-ਦੂਜੇ ਨੂੰ ਢਾਹੁਣ ਵਿਚ ਜੁਟ ਗਏ ਹਨ। ਅਕਾਲੀ ਦਲ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿਚ ਨਾਮਜ਼ਦਗੀਆਂ ਤੋਂ ਵੋਟਾਂ ਅਤੇ ਗਿਣਤੀ ਕੀਤੀਆਂ ਸਮੂਹ ਧੱਕੇਸ਼ਾਹੀਆਂ ਦਾ ਚਿੱਠਾ ਖੋਲ੍ਹੇਗਾ। ਇਸ ਸਬੰਧੀ ਫੈਸਲਾ ਪਿੰਡ ਬਾਦਲ ਵਿਖੇ ਬਾਦਲਾਂ ਦੀ ਰਿਹਾਇਸ਼ ‘ਤੇ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਕੋਰ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੇ ਹਿੱਸਾ ਲਿਆ। ਦੂਜੇ ਪਾਸੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਕਾਰਜ ਤੋਂ ਵਿਹਲੇ ਹੋਣ ਮਗਰੋਂ ਸੱਤਾ ਪੱਖ ਕਾਂਗਰਸ ਨੇ ਬੇਅਦਬੀ ਦੇ ਮੁੱਦਿਆਂ ‘ਤੇ ਅਕਾਲੀਆਂ ਦਾ ਕੱਚਾ ਚਿੱਠਾ ਖੋਲ੍ਹਣ ਲਈ 7 ਅਕਤੂਬਰ ਨੂੰ ਲੰਬੀ ਹਲਕੇ ਵਿਚ ਰੈਲੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਹੋਈ ਜਿਸ ਵਿੱਚ ਸਮੂਹ ਲੀਡਰਸ਼ਿਪ ਨੇ ਸੂਬੇ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਚੋਣਾਂ ਵਿਚ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੀਤੀਆਂ ਧਾਂਦਲੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੋਰ ਕਮੇਟੀ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਬੇਹੱਦ ਗੈਰ-ਜ਼ਿੰਮੇਵਾਰਾਨਾ ਅਤੇ ਕਾਂਗਰਸ ਸਰਕਾਰ ਨਾਲ ਮਿਲੀਭੁਗਤ ਵਾਲੀ ਕਾਰਵਾਈ ਕਰਾਰ ਦਿੱਤਾ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਜਬਰਦਸਤ ਦਹਿਸ਼ਤ ਕਾਰਨ ਪਿਛਲੀਆਂ ਚੋਣਾਂ ਦੇ ਮੁਕਾਬਲੇ 12 ਤੋਂ 13 ਪ੍ਰਤੀਸ਼ਤ ਘੱਟ ਪੋਲਿੰਗ ਹੋਈ ਹੈ ਜੋ ਕਿ ਚਿੰਤਾਜਨਕ ਹੈ। ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਗੁਰਪੁਰਬ ਮੌਕੇ ਅਕਾਲੀ ਦਲ ਵੱਲੋਂ ਇਤਿਹਾਸਕ ਸਥਾਨ ਸੁਲਤਾਨਪੁਰ ਲੋਧੀ ਵਿਖੇ 17 ਨਵੰਬਰ ਨੂੰ ਕਾਨਫਰੰਸ ਕਰਵਾਉਣ ਦਾ ਐਲਾਨ ਕੀਤਾ ਗਿਆ। ਮੰਤਰੀ ਤੇ ਵਿਧਾਇਕ ਕਾਂਗਰਸ ਰੈਲੀ ਲਈ ਜਗ੍ਹਾ ਦਾ ਜਾਇਜ਼ਾ ਲੈਣ ਪੁੱਜੇ : ਵੱਖ-ਵੱਖ ਮੁੱਦਿਆਂ ‘ਤੇ ਅਕਾਲੀ ਦਲ (ਬ) ਦੇ ਗੁੰਮਰਾਹਕੁਨ ਪ੍ਰਚਾਰ ਦਾ ਮੋੜਵਾਂ ਜਵਾਬ ਦੇਣ ਲਈ ਬਾਦਲਾਂ ਦੇ ਗੜ੍ਹ ਲੰਬੀ ਵਿਚ ਵਿਸ਼ਾਲ ਰੈਲੀ ਲਈ ਤਿਆਰੀਆਂ ਵਿਚ ਜੁਟ ਗਈ ਹੈ। 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾਣ ਵਾਲੀ ਇਹ ਰੈਲੀ ਲੰਬੀ ਹਲਕੇ ਦੇ ਸਰਹੱਦੀ ਕਸਬੇ ਮੰਡੀ ਕਿੱਲਿਆਂਵਾਲੀ ਵਿਚ ਹੋਣੀ ਤੈਅ ਮੰਨੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਫ਼ਦ ਨੇ ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਦੌਰਾ ਕੀਤਾ।
ਸਿਆਸੀ ‘ਨੂਰਾ ਕੁਸ਼ਤੀ’ ਦੀਆਂ ਹੋਣ ਲੱਗੀਆਂ ਤਿਆਰੀਆਂ
ਚੰਡੀਗੜ੍ਹ : ਪੰਜਾਬ ਵਿੱਚ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਹਾਸ਼ੀਏ ‘ਤੇ ਧੱਕ ਕੇ ਪ੍ਰਮੁੱਖ ਸਿਆਸੀ ਪਾਰਟੀਆਂ ‘ਰੈਲੀਆਂ ਦੀ ਸਿਆਸਤ’ ਦੇ ਰਾਹ ਪੈ ਗਈਆਂ ਹਨ। 7 ਅਕਤੂਬਰ 2018 ਵਾਲੇ ਦਿਨ ਹੋਣ ਵਾਲੀ ਸਿਆਸਤ ਦੀ ਇਸ ਨੂਰਾ ਕੁਸ਼ਤੀ ਲਈ ਸਿਰਤੋੜ ਤਿਆਰੀਆਂ ਹੋ ਰਹੀਆਂ ਹਨ। ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਾਦਲਾਂ ਦੇ ਗੜ੍ਹ ਕਿੱਲਿਆਂਵਾਲੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਦੇ ਸ਼ਹਿਰ ਪਟਿਆਲੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਆਪ ਦੇ ਬਾਗ਼ੀ ਗਰੁੱਪ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਕੋਟਕਪੂਰੇ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕਰ ਚੁੱਕੇ ਹਨ। ਪੰਜਾਬ ਦੇ ਲੋਕਾਂ ਵਿੱਚ ਇਹ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਇਕ ਦੂਜੇ ਨੂੰ ਪਾਸ ਦੇ ਕੇ ਖੇਡ ਰਹੇ ਹਨ। ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਾਟੋਧਾੜ ਹੋਣ ਕਰ ਕੇ ਆਪਣਾ ਅਸਰ ਗੁਆਉਂਦੀ ਜਾ ਰਹੀ ਹੈ ਤੇ ਅੱਕੀਂ ਪਲਾਹੀਂ ਹੱਥ ਮਾਰਦੀ ਨਜ਼ਰ ਆ ਰਹੀ ਹੈ। ਅਮਰਿੰਦਰ ਸਿੰਘ ਬਿਆਨ ਦਾਗ ਰਹੇ ਹਨ ਕਿ ਬੇਅਦਬੀ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਰੈਲੀਆਂ ਕਰ ਰਿਹਾ ਹੈ। ਇਸ ਬਿਆਨ ਵਿੱਚ ਸਚਾਈ ਹੋ ਸਕਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਿਆਸੀ ਧਾਰ ਕੇਵਲ ਬੇਅਦਬੀ ਮਾਮਲੇ ਤੱਕ ਸੀਮਤ ਕਿਉਂ ਰੱਖਣਾ ਚਾਹ ਰਹੇ ਹਨ ਅਤੇ ਬੇਅਦਬੀ ਦੇ ਦੋਸ਼ੀ ਲੱਭ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ? ਪੰਜਾਬ ਦੇ ਕਿਸਾਨਾਂ ਨਾਲ ਸਮੁੱਚਾ ਕਰਜ਼ਾ ਮੁਆਫ਼ ਕਰਨ, ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ, ਚਾਰ ਹਫ਼ਤਿਆਂ ਅੰਦਰ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਨਾਪਾਕ ਗੱਠਜੋੜ ਨੂੰ ਤੋੜਣ ਅਤੇ ਰੇਤ, ਟਰਾਂਸਪੋਰਟ, ਕੇਬਲ ਮਾਫ਼ੀਆ ਨੂੰ ਖ਼ਤਮ ਕਰਨ ਵਰਗੇ ਵਾਅਦਿਆਂ ਉੱਤੇ ਧਿਆਨ ਕੇਂਦਰਿਤ ਕਿਉਂ ਨਹੀਂ ਹੋ ਰਿਹਾ? ਕੈਪਟਨ ਨੂੰ ਪਹਿਲੇ ਸਾਲ ਵਾਅਦੇ ਪੂਰੇ ਕਰਨ ਦੇ ਬਣੇ ਦਬਾਅ ਤੋਂ ਰਾਹਤ ਮਿਲੀ ਮਹਿਸੂਸ ਹੋ ਰਹੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਵਿਧਾਨ ਸਭਾ ਵਿੱਚ ਹੋਈ ਚਰਚਾ ਤੋਂ ਬਾਅਦ ਕਾਂਗਰਸੀ ਆਗੂ ਪੰਥਕ ਰੰਗ ਵਿੱਚ ਜ਼ਿਆਦਾ ਨਜ਼ਰ ਆਏ ਅਤੇ ਕੈਪਟਨ ਉੱਤੇ ਬਾਦਲਾਂ ਸਮੇਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦਾ ਦਬਾਅ ਬਣਾਉਂਦੇ ਰਹੇ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁਲਿਸ ਗੋਲੀ ਦੀਆਂ ਘਟਨਾਵਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੁਭਾਅ ਮੁਤਾਬਕ ਗਲਤੀ ਮੰਨਣ ਦੀ ਬਜਾਇ ਸ਼ਕਤੀ ਪ੍ਰਦਰਸ਼ਨ ਦਾ ਰਾਹ ਚੁਣਿਆ ਹੈ। ਇਸ ਕੰਮ ਵਿੱਚ ਸਿਆਸੀ ਹਵਾ ਨੂੰ ਆਪਣੇ ਅਨੁਸਾਰ ਮੋੜ ਦੇਣ ਦੀ ਪੀਐਚਡੀ ਕਰਨ ਦਾ ਦਾਅਵਾ ਕਰਨ ਵਾਲੇ ਪੰਜ ਵਾਰ ਮੁੱਖ ਮੰਤਰੀ ਰਹੇ 93 ਸਾਲਾ ਪ੍ਰਕਾਸ਼ ਸਿੰਘ ਬਾਦਲ ਗੱਜ-ਵੱਜ ਕੇ ਮੈਦਾਨ ਵਿੱਚ ਆ ਗਏ ਹਨ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …