ਇੱਕ ਦਿਨ ‘ਚ 10 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 273 ਵਿਅਕਤੀਆਂ ਦੀ ਹੋਈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਦੇਸ਼ ਵਿੱਚ ਕਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਢਾਈ ਲੱਖ ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਤਾਜਾ ਅੰਕੜਿਆਂ ਅਨੁਸਾਰ ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2 ਲੱਖ 26 ਹਜ਼ਾਰ ਤੋਂ ਪਾਰ ਚਲੀ ਗਈ ਹੈ। ਜਦਕਿ 6348 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। 1 ਲੱਖ 9 ਹਜ਼ਾਰ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋ ਚੁੱਕੇ ਹਨ। ਲੰਘੇ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ ਕਰੋਨਾ ਵਾਇਰਸ ਦੇ 9851 ਨਵੇਂ ਕੇਸ ਸਾਹਮਣੇ ਆਏ ਹਨ ਤੇ 273 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵਧ ਰਹੇ ਕੇਸਾਂ ਦੀ ਰਫਤਾਰ ਭਾਰਤ ਨੂੰ ਦੁਨੀਆ ਵਿੱਚ ਤੀਜੇ ਨੰਬਰ ‘ਤੇ ਲੈ ਆਈ ਹੈ। ਲੰਘੇ ਦਿਨੀਂ ਬ੍ਰਾਜ਼ੀਲ ਵਿਚ 27 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਅਮਰੀਕਾ ਵਿਚ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ ਰੂਸ ਵਿਚ 8 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਇੱਕ ਦਿਨ ਵਿਚ ਨਵੇਂ ਮਾਮਲਿਆਂ ਦੇ ਵਾਧੇ ‘ਚ ਦੁਨੀਆ ਭਰ ਵਿੱਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦਾ ਅੰਕੜਾ 67 ਲੱਖ ਨੂੰ ਢੁੱਕ ਗਿਆ ਹੈ ਜਦਕਿ 3 ਲੱਖ 97 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਜਾਨ ਚਲੀ ਗਈ ਹੈ। ਰੂਸ ਵਿਚ ਕਰੋਨਾ ਵਾਇਰਸ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਕੁੱਝ ਥਾਵਾਂ ‘ਤੇ ਰਾਹਤ ਦਿੱਤੀ ਜਾ ਰਹੀ ਹੈ। ਰੂਸ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਫੂਡ ਜੋਨ ਜਾਂ ਰੈਸਟੋਰੈਂਟ ਨੂੰ ਫਿਲਹਾਲ ਨਹੀਂ ਖੋਲ੍ਹਿਆ ਜਾ ਸਕਦਾ।