ਘਰ ਦੇ ਮੈਂਬਰਾਂ ਨੂੰ ਖੁਆ ਦਿੱਤਾ ਸੀ ਕੋਈ ਨਸ਼ੀਲਾ ਪਦਾਰਥ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਗਦੀਸ਼ ਸਿੰਘ ਗਰਚਾ ਅਤੇ ਉਸ ਦੇ ਪਰਿਵਾਰ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਘਰ ਦਾ ਨੌਕਰ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਿਆ ਹੈ। ਇਸਦਾ ਪਤਾ ਉਸ ਵੇਲੇ ਲੱਗਾ ਜਦੋਂ ਉਸਾਰੀ ਦਾ ਕੰਮ ਕਰਨ ਵਾਲੇ ਮਜ਼ਦੂਰ ਘਰ ਦਾ ਦਰਵਾਜ਼ਾ ਬੰਦ ਹੋਣ ਕਰਕੇ ਬਾਹਰ ਹੀ ਬੈਠ ਗਏ। ਇਸ ਦੌਰਾਨ ਜਦੋਂ ਸਾਬਕਾ ਮੰਤਰੀ ਦਾ ਡਰਾਈਵਰ ਆਇਆ ਤਾਂ ਮਜ਼ਦੂਰਾਂ ਨੇ ਉਸ ਨੂੰ ਸਾਰੀ ਗੱਲ ਦੱਸੀ ਜਦੋਂ ਉਸ ਨੇ ਘਰ ਦੇ ਅੰਦਰ ਦੇਖਿਆ ਤਾਂ ਸਾਰਾ ਪਰਿਵਾਰ ਬੇਹੋਸ਼ ਪਿਆ ਸੀ। ਇਸ ਤੋਂ ਬਾਅਦ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਆਪਣੀਆਂ ਗੱਡੀਆਂ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ। ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਪੈਂਦੇ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ ਜਗਜੀਤ ਕੌਰ, ਭੈਣ ਅਤੇ ਨੌਕਰਾਣੀ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਘਰ ਵਿੱਚ ਤਿੰਨ ਕੁ ਮਹੀਨੇ ਪਹਿਲਾਂ ਇੱਕ ਨੇਪਾਲੀ ਨੌਕਰ ਕੰਮ ‘ਤੇ ਰੱਖਿਆ ਸੀ। ਜਦੋਂ ਕਿ ਨੌਕਰਾਨੀ ਪਿਛਲੇ 12 ਕੁ ਸਾਲ ਤੋਂ ਲੱਗੀ ਹੋਈ ਹੈ ਅਤੇ ਘਰ ਵਿੱਚ ਹੀ ਰਹਿੰਦੀ ਹੈ। ਇਹ ਵੀ ਪਤਾ ਲੱਗਾ ਕਿ ਇਹ ਨੌਕਰ ਹੀ ਸਾਰਿਆਂ ਲਈ ਖਾਣਾ ਤਿਆਰ ਕਰਦਾ ਸੀ। ਐਤਵਾਰ ਨੂੰ ਉਸ ਨੇ ਖਾਣੇ ਵਿੱਚ ਕੋਈ ਨਸ਼ਾ ਮਿਲਾ ਕੇ ਦਿੱਤਾ ਅਤੇ ਸਾਰਿਆਂ ਨੂੰ ਖਾਣਾ ਖਿਲਾਉਣ ਤੋਂ ਬਾਅਦ ਆਪ ਅੰਦਰ ਚਲਾ ਗਿਆ। ਜਦੋਂ ਸਾਰੇ ਬੇਹੋਸ਼ ਹੋ ਗਏ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਘਰ ਬੁਲਾਇਆ ਅਤੇ ਘਰ ਵਿੱਚ ਪਈ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਿਆ। ਘਰ ਦੇ ਨਾਲ ਹੀ ਰਹਿੰਦੇ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਸਾਰੇ ਮੈਂਬਰ ਬੇਹੋਸ਼ ਸਨ। ਗਰਚਾ ਦਾ ਲੜਕਾ ਕਿਤੇ ਬਾਹਰ ਗਿਆ ਹੋਇਆ ਸੀ। ਪੁਲਿਸ ਨੇ ਸਾਬਕਾ ਮੰਤਰੀ ਦੀ ਕੋਠੀ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਆਸ-ਪਾਸ ਲੱਗੇ ਕੈਮਰੇ ਘੋਖੇ ਜਾ ਰਹੇ ਹਨ। ਹੁਣ ਤੱਕ ਦੀ ਜਾਂਚ ‘ਚ ਪਤਾ ਲੱਗਾ ਕਿ ਨੌਕਰ ਨੇ ਰਾਤ ਨੂੰ ਸਾਰਿਆਂ ਨੂੰ ਵੱਖ ਵੱਖ ਸਮੇਂ ‘ਤੇ ਖਾਣਾ ਦਿੱਤਾ ਸੀ। ਜਿਉਂ ਜਿਉਂ ਉਨ੍ਹਾਂ ਨੇ ਖਾਣਾ ਖਾਧਾ, ਉਹ ਬੇਹੋਸ਼ ਹੁੰਦੇ ਗਏ।