15 C
Toronto
Wednesday, September 17, 2025
spot_img
Homeਪੰਜਾਬਟੌਲ ਟੈਕਸ ਮੁਕਤ ਹੋਇਆ ਸੰਗਰੂਰ-ਲੁਧਿਆਣਾ ਮਾਰਗ

ਟੌਲ ਟੈਕਸ ਮੁਕਤ ਹੋਇਆ ਸੰਗਰੂਰ-ਲੁਧਿਆਣਾ ਮਾਰਗ

ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ-ਲੁਧਿਆਣਾ ਮੁੱਖ ਸੜਕ ‘ਤੇ ਲੱਡਾ ਟੌਲ ਪਲਾਜ਼ਾ ਬੰਦ ਹੋਣ ਕਾਰਨ ਟੌਲ ਪਲਾਜ਼ਾ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਆਪਣਾ ਸਾਰਾ ਸਾਮਾਨ ਸਮੇਟ ਲਿਆ ਗਿਆ। ਇਸ ਮਗਰੋਂ ਬਾਅਦ ਦੁਪਹਿਰ ਜੇਸੀਬੀ ਮਸ਼ੀਨ ਨਾਲ ਟੌਲ ਪਲਾਜ਼ਾ ਵਾਲੇ ਸਥਾਨ ‘ਤੇ ਸੀਮਿੰਟ ਦੀਆਂ ਬਣੀਆਂ ਰੋਕਾਂ ਹਟਾ ਦਿੱਤੀਆਂ ਗਈਆਂ ਹਨ।
ਇਹ ਟੌਲ ਪਲਾਜ਼ਾ ਬੰਦ ਹੋਣ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਤੋਂ ਲੁਧਿਆਣਾ ਤੱਕ ਦੋ ਟੌਲ ਪਲਾਜ਼ੇ ਲੱਡਾ ਟੌਲ ਪਲਾਜ਼ਾ ਤੇ ਲਹਿਰਾ ਟੌਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ ਤੇ ਸੋਮਵਾਰ ਰਾਤ 12 ਵਜੇ ਤੋਂ ਬਾਅਦ ਦੋਵੇਂ ਪਲਾਜ਼ੇ ਟੌਲਮੁਕਤ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੱਡਾ ਟੌਲ ਪਲਾਜ਼ਾ ‘ਤੇ ਲੱਗਦੇ ਭਾਰੇ ਟੌਲ ਤੋਂ ਬਚਣ ਲਈ ਰੋਜ਼ਾਨਾ ਸੈਂਕੜੇ ਵਾਹਨ ਚਾਲਕ ਬੱਸ ਸਟੈਂਡ ਲੱਡਾ ਤੋਂ ਰਜਵਾਹੇ ਦੀ ਪੱਟੜੀ ‘ਤੇ ਬਣੀ ਲਿੰਕ ਸੜਕ ਰਾਹੀਂ ਬੇਨੜਾ ਨੇੜੇ ਮੁੱਖ ਸੜਕ ‘ਤੇ ਚੜ੍ਹਦੇ ਸਨ, ਜਿਸ ਕਾਰਨ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਟੌਲ ਪਲਾਜ਼ਾ ਬੰਦ ਹੋਣ ਮਗਰੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿੰਡ ਬੁਰਜ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟੌਲ ਪਲਾਜ਼ੇ ਬੰਦ ਕਰ ਕੇ ਇਤਿਹਾਸਕ ਫ਼ੈਸਲਾ ਲਿਆ ਹੈ, ਜਿਸ ਨਾਲ ਇਲਾਕੇ ਦੇ ਲੋਕ ਬਹੁਤ ਖੁਸ਼ ਹਨ।
ਲੋਕਾਂ ਨੇ ਲਹਿਰਾ ਟੌਲ ਪਲਾਜ਼ਾ ਬੰਦ ਹੋਣ ਦੀ ਮਨਾਈ ਖੁਸ਼ੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਕੀਤੇ ਐਲਾਨ ਮੁਤਾਬਕ ਲੁਧਿਆਣਾ-ਮਾਲੇਰਕੋਟਲਾ ਸੜਕ ‘ਤੇ ਸਥਿਤ ਲਹਿਰਾ ਟੌਲ ਪਲਾਜ਼ਾ ਦੇ ਅਧਿਕਾਰੀਆਂ ਨੇ ਸਾਰੇ ਵਾਹਨਾਂ ਲਈ ਗੇਟ ਖੋਲ੍ਹ ਦਿੱਤੇ ਹਨ, ਜਿਸ ਮਗਰੋਂ ਹੁਣ ਇਲਾਕਾ ਵਾਸੀਆਂ ਦੇ ਚਿਹਰਿਆਂ ‘ਤੇ ਰੌਣਕ ਆ ਗਈ ਹੈ। ਖੁਸ਼ੀ ਦਾ ਇਜ਼ਹਾਰ ਕਰਨ ਵਾਲਿਆਂ ‘ਚ ਅਹਿਮਦਗੜ੍ਹ ਸ਼ਹਿਰ ਵਾਸੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਕਿਉਂਕਿ ਪੰਜ ਕਿਲੋਮੀਟਰ ਦੇ ਫ਼ਾਸਲੇ ਦੇ ਅੰਦਰ ਹੋਣ ਦੇ ਬਾਵਜੂਦ, ਸਥਾਨਕ ਚਾਰ ਪਹੀਆ ਵਾਹਨ ਚਾਲਕ ਬੀਤੇ ਪੰਜ ਸਾਲਾਂ ਤੋਂ ਇੱਥੇ ਟੌਲ ਭਰਦੇ ਆ ਰਹੇ ਸਨ। ਇਸ ਮੌਕੇ ਸਥਾਨਕ ‘ਆਪ’ ਆਗੂਆਂ ਤੇ ਕਾਰਕੁਨਾਂ ਨੇ ਖੁਸ਼ੀ ਵਿੱਚ ਸੋਮਵਾਰ ਅੱਧੀ ਰਾਤ ਨੂੰ ਟੌਲ ਪਲਾਜ਼ਾ ‘ਤੇ ਜਾ ਕੇ ਪਟਾਕੇ ਵੀ ਚਲਾਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਲਾਨ ਹੋਣ ਮਗਰੋਂ ਵੱਡੀ ਗਿਣਤੀ ਟਰੱਕ ਤੇ ਟਰਾਲਾ ਚਾਲਕਾਂ ਨੇ ਆਪਣੇ ਵਾਹਨ ਟੌਲ ਪਲਾਜ਼ਾ ਤੋਂ ਪਹਿਲਾਂ ਰੋਕ ਲਏ ਸਨ, ਤਾਂ ਜੋ ਰਾਤ 12 ਵਜੇ ਮਗਰੋਂ ਹੀ ਵਾਹਨ ਟੌਲ ਦਿੱਤੇ ਬਗੈਰ ਕੱਢੇ ਜਾ ਸਕਣ।

 

RELATED ARTICLES
POPULAR POSTS