ਸੁਨਾਮ-ਭਵਾਨੀਗੜ੍ਹ ਮੁੱਖ ਮਾਰਗ ਜਾਮ ਕੀਤਾ; ਕਿਸਾਨ ਆਗੂ ਹਿਰਾਸਤ ਵਿੱਚ ਲਏ
ਭਵਾਨੀਗੜ੍ਹ : ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਭਵਾਨੀਗੜ੍ਹ ਨੇੜਲੇ ਪਿੰਡ ਘਰਾਚੋਂ ਵਿਚ ਪੰਚਾਇਤੀ ਜ਼ਮੀਨ ਦੇ ਵਿਵਾਦ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੁਲਿਸ ਪ੍ਰਸ਼ਾਸਨ ਵਿਚ ਟਕਰਾਅ ਹੋ ਗਿਆ। ਪੁਲਿਸ ਨੇ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ ਸਣੇ ਅੱਧੀ ਦਰਜਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਦੱਸਣਯੋਗ ਹੈ ਕਿ ਪਿੰਡ ਘਰਾਚੋਂ ਦੇ ਇਕ ਪਰਿਵਾਰ ਦੇ ਪੰਚਾਇਤੀ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਿਚ ਤਣਾਅ ਚੱਲ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਨੇ ਪਰਿਵਾਰ ਦੇ ਹੱਕ ਵਿੱਚ ਖੜ੍ਹਦਿਆਂ ਪੰਚਾਇਤ ਖਿਲਾਫ ਭਵਾਨੀਗੜ੍ਹ ਥਾਣੇ ਦਾ ਘਿਰਾਓ ਵੀ ਕੀਤਾ ਸੀ। ਸੋਮਵਾਰ ਨੂੰ ਪੁਲਿਸ ਨੇ ਵਿਵਾਦਤ ਥਾਂ ‘ਤੇ ਬਣੀ ਉਕਤ ਪਰਿਵਾਰ ਦੇ ਘਰ ਦੀ ਕੰਧ ਨੂੰ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ। ਇਸ ਕਾਰਵਾਈ ਦਾ ਕਿਸਾਨ ਯੂਨੀਅਨ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਯੂਨੀਅਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ ਯੂਨੀਅਨ ਦੇ ਕਾਰਕੁਨਾਂ ਨੇ ਪੁਲਿਸ ਕਾਰਵਾਈ ਖ਼ਿਲਾਫ ਪਿੰਡ ਦੇ ਬੱਸ ਸਟੈਂਡ ਨੇੜੇ ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ‘ਤੇ ਧਰਨਾ ਲਗਾ ਦਿੱਤਾ। ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤੇ ਕਿਸਾਨ ਆਗੂ ਛੱਡ ਦਿੱਤੇ ਤੇ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਦਾ ਨਵਾਂ ਬੱਸ ਸਟੈਂਡ ਬਣਾਉਣ ਲਈ ਪਿੰਡ ਦੇ ਵਿਅਕਤੀਆਂ ਤੋਂ ਪੰਚਾਇਤੀ ਜ਼ਮੀਨ ‘ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ।
ਪੰਚਾਇਤ ਦੇ ਹੱਕ ਵਿੱਚ ਡਟੀ ਭਾਕਿਯੂ ਡਕੌਂਦਾ
ਪੁਲਿਸ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਿਚਕਾਰ ਝੜਪ ਤੋਂ ਬਾਅਦ ਜਦੋਂ ਕਿਸਾਨਾਂ ਨੇ ਸੁਨਾਮ-ਭਵਾਨੀਗੜ੍ਹ ਮਾਰਗ ਨੂੰ ਜਾਮ ਕਰ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਤਾਂ ਬੱਸ ਅੱਡੇ ਨੇੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਉਗਰਾਹਾਂ ਯੂਨੀਅਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੇ ਹੱਕ ਵਿਚ ਨਾਅਰੇ ਲਗਾਏ। ਯੂਨੀਅਨ ਦੇ ਜ਼ਿਲ੍ਹਾ ਖ਼ਜ਼ਾਨਚੀ ਸੁਖਦੇਵ ਸਿੰਘ ਘਰਾਚੋਂ ਨੇ ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਜੇ ਉਗਰਾਹਾਂ ਜਥੇਬੰਦੀ ਦੇ ਨੇ ਕਿਸਾਨਾਂ ਨੇ ਧੱਕਾ ਕੀਤਾ ਤਾਂ ਯੂਨੀਅਨ ਆਗੂ ਡਟ ਕੇ ਵਿਰੋਧ ਕਰਨਗੇ।