ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਬਾਰੇ ਫ਼ੈਸਲਾ ਕੋਵਿਡ-19 ਨਿਯਮਾਂ ਅਨੁਸਾਰ ਲਿਆ ਜਾਵੇਗਾ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਆਏ ਮਤੇ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਤੌਰ ‘ਤੇ ਕਿਹਾ ਹੈ ਕਿ ਅਸੀਂ ਗ੍ਰਹਿ ਮੰਤਰਾਲੇ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਾਰੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਬਾਰੇ ਫ਼ੈਸਲਾ ਕੋਵਿਡ ਨਿਯਮਾਂ ਅਨੁਸਾਰ ਲਿਆ ਜਾਵੇਗਾ ਅਤੇ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਦੇ ਧਾਰਮਿਕ ਅਤੇ ਆਪਸੀ ਸਦਭਾਵਨਾ ਮੰਤਰਾਲੇ ਦੇ ਡਿਪਟੀ ਸਕੱਤਰ (ਈ.ਪੀ.) ਇਮਰਾਨ ਰਾਸ਼ਿਦ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਰਾਹੀਂ ਪਾਕਿ ਦੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ, ਰੱਖਿਆ ਮੰਤਰਾਲੇ, ਪ੍ਰਧਾਨ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਪਾਕਿ ਵਲੋਂ ਇਕ ਵਾਰ ਮੁੜ ਤੋਂ ਭਾਰਤੀ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ ਅਤੇ ਉਹ ਕੋਵਿਡ-19 ਸਿਹਤ ਸੁਰੱਖਿਆ ਨਿਯਮਾਂ ਤਹਿਤ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹੋਏ ਲਾਂਘੇ ਰਾਹੀਂ ਪਾਕਿ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਕਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਪਾਕਿ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੇ ਪਾਕਿਸਤਾਨੀ ਸੈਲਾਨੀਆਂ ਦੇ ਦਾਖ਼ਲੇ ‘ਤੇ ਰੋਕ ਲਗਾਉਣ ਉਪਰੰਤ ਭਾਰਤ ਵਲੋਂ ਕਰਤਾਰਪੁਰ ਲਾਂਘਾ 16 ਮਾਰਚ ਨੂੰ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਪਾਕਿ ਵਲੋਂ ਭਾਰਤ ਸਰਕਾਰ ਨੂੰ ਬਿਨਾ ਲਿਖਤੀ ਜਾਣਕਾਰੀ ਦਿੱਤੇ ਜਾਂ ਵਿਚਾਰ ਵਟਾਂਦਰਾ ਕੀਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ ਨੂੰ ਲਾਂਘਾ ਖੋਲ੍ਹ ਦਿੱਤਾ ਗਿਆ ਸੀ। ਉਕਤ ਨੋਟੀਫ਼ਿਕੇਸ਼ਨ ਵਿਚ ਦੁਵੱਲਾ ਸਮਝੌਤਾ-2019 ਦਾ ਹਵਾਲਾ ਦਿੰਦਿਆਂ ਭਾਰਤ ਸਰਕਾਰ ਨੂੰ ਵੀ ਲਾਂਘਾ ਖੋਲ੍ਹਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿ ਸਰਕਾਰ ਵਲੋਂ ਲੰਘੇ ਦਿਨ ਤੋਂ ਪਾਕਿਸਤਾਨੀ ਹਿੰਦੂਆਂ ਤੇ ਸਿੱਖਾਂ ਦੇ ਇਲਾਵਾ ਮੁਸਲਮਾਨ ਤੇ ਈਸਾਈ ਭਾਈਚਾਰੇ ਨੂੰ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਉਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ, ਜਿਸਦੇ ਚਲਦਿਆਂ ਹੁਣ ਹਿੰਦੂਆਂ ਤੇ ਸਿੱਖਾਂ ਵਾਂਗ ਪਾਕਿਸਤਾਨੀ ਗ਼ੈਰ-ਸਿੱਖ ਵੀ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚ ਸਕਣਗੇ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …