Breaking News
Home / ਪੰਜਾਬ / ਪ੍ਰਭਜੋਤ ਕੌਰ ਢਿੱਲੋਂ ਦੀ ਕਿਤਾਬ ‘ਕਿਸਾਨ ਅੰਦੋਲਨ’ ਲੋਕ ਅਰਪਣ

ਪ੍ਰਭਜੋਤ ਕੌਰ ਢਿੱਲੋਂ ਦੀ ਕਿਤਾਬ ‘ਕਿਸਾਨ ਅੰਦੋਲਨ’ ਲੋਕ ਅਰਪਣ

ਕਿਸਾਨ ਆਪਣੀ ਨਹੀਂ ਸਮੁੱਚੀ ਕਾਇਨਾਤ ਦੀ ਲੜ ਰਹੇ ਲੜਾਈ : ਪ੍ਰੋ. ਮਨਜੀਤ ਸਿੰਘ

ਪੰਜਾਬੀ ਲੇਖਕ ਸਭਾ ਦੇ ਸਾਹਿਤਕ ਸਮਾਗਮ ਦੌਰਾਨ ਲੇਖ ਸੰਗ੍ਰਹਿ ਦੀਆਂ ਦੋ ਕਿਤਾਬਾਂ ਰਿਲੀਜ਼

ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ ‘ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ’ ਅਤੇ ਦੂਸਰੀ ਕਿਤਾਬ ਹੱਕ ਸੱਚ ਦੀ ਅਵਾਜ਼ ‘ਕਿਸਾਨ ਅੰਦੋਲਨ’ ਲੋਕ ਅਰਪਣ ਕੀਤੀਆਂ ਗਈਆਂ। ਲੋਕ ਆਗੂ ਤੇ ਉਘੇ ਸਮਾਜਿਕ ਚਿੰਤਕ ਪ੍ਰੋ. ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਬਤੌਰ ਮੁੱਖ ਬੁਲਾਰੇ ਅਮਰਜੀਤ ਸਿੰਘ ਵੜੈਚ ਅਤੇ ਮੂਲ ਚੰਦ ਸ਼ਰਮਾ ਹੁਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਅਤੇ ਆਏ ਹੋਏ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਲੇਖਣੀ ਦੀਆਂ ਵਿਧਾਵਾਂ ਵਿਚੋਂ ਲੇਖ ਲਿਖਣ ਦੀ ਵਿਧਾ ਦੇ ਹਵਾਲੇ ਨਾਲ ਗੱਲ ਕਰਦਿਆਂ ਪ੍ਰਭਜੋਤ ਕੌਰ ਢਿੱਲੋਂ ਨੂੰ ਉਨ੍ਹਾਂ ਦੀਆਂ ਦੋ ਪੁਸਤਕਾਂ ਲੋਕ ਅਰਪਣ ਹੋਣ ‘ਤੇ ਵਧਾਈ ਦਿੱਤੀ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਮਨਜੀਤ ਸਿੰਘ ਨੇ ਲੇਖਿਕਾ ਦੀਆਂ ਦੋਵੇਂ ਕਿਤਾਬਾਂ ਦੇ ਹਵਾਲੇ ਨਾਲ ਜੀਵਨ ਜਾਚ ਦੀ ਗੱਲ ਵਿਸਥਾਰਤ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਆਖਿਆ ਕਿ ਵਿਅਕਤੀ ਹਜ਼ਾਰਾਂ ਸਾਲ ਜਿਊਂਦਾ ਨਹੀਂ ਰਹਿ ਸਕਦਾ ਪਰ ਉਹ ਇਕ ਜੀਵਨ ਵਿਚ ਹਜ਼ਾਰਾਂ ਜ਼ਿੰਦਗੀਆਂ ਜ਼ਰੂਰ ਜੀਅ ਸਕਦਾ ਹੈ, ਬੱਸ ਉਸ ਨੂੰ ਆਪਣੇ ਜੀਵਨ ਵਿਚ ਰੰਗ ਭਰਨਾ ਆਉਣਾ ਚਾਹੀਦਾ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅੱਜ ਕਿਸਾਨ ਆਪਣੀ ਲੜਾਈ ਨਹੀਂ ਲੜ ਰਹੇ ਬਲਕਿ ਉਹ ਤਾਂ ਸਮੁੱਚੀ ਕਾਇਨਾਤ ਦੀ ਲੜਾਈ ਲੜ ਰਹੇ ਹਨ। ਪ੍ਰੋ. ਮਨਜੀਤ ਸਿੰਘ ਨੇ ਆਖਿਆ ਕਿ ਅੱਜ ਸਾਂਝ, ਪਿਆਰ, ਏਕਾ ਤੇ ਜੋ ਸਦਭਾਵਨਾ ਕਿਸਾਨ ਧਰਨਿਆਂ ‘ਚ ਨਜ਼ਰ ਆਉਂਦੀ ਹੈ, ਉਸੇ ਦਾ ਨਤੀਜਾ ਹੈ ਕਿ ਅੱਜ ਸਿੰਘੂ ਤੇ ਟਿਕਰੀ ਬਾਰਡਰ ‘ਬੇਗਮਪੁਰਾ’ ਬਣ ਗਏ ਹਨ।
ਇਸੇ ਤਰ੍ਹਾਂ ‘ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ’ ਕਿਤਾਬ ਦੇ ਹਵਾਲੇ ਨਾਲ ਆਪਣੀ ਗੰਭੀਰ ਤੇ ਸਮਾਜਿਕ ਤਕਰੀਰ ਕਰਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਸਾਹਿਤ ਉਹੀ ਹੁੰਦਾ ਹੈ ਜੋ ਲੋਕਾਂ ਲਈ ਹੋਵੇ, ਜੋ ਲੋਕਾਂ ਦੀ ਸ਼ੈਲੀ ਵਿਚ ਹੋਵੇ ਤੇ ਲੋਕਾਂ ਦੀ ਭਾਸ਼ਾ ਵਿਚ ਹੋਵੇ, ਇਸ ਪੈਮਾਨੇ ‘ਤੇ ਪ੍ਰਭਜੋਤ ਢਿੱਲੋਂ ਖਰੀ ਉਤਰਦੀ ਹੈ ਕਿਉਂਕਿ ਉਹ ਲੋਕ ਸਾਹਿਤ ਸਿਰਜ ਰਹੀ ਹੈ। ਮੂਲ ਚੰਦ ਸ਼ਰਮਾ ਨੇ ਆਖਿਆ ਕਿ ਲੇਖਕਾ ਦੀ ਲਿਖਤ ਵਿਚ ਸੰਵੇਦਨਾ ਵੀ ਹੈ, ਚਿੰਤਨ ਵੀ ਹੈ, ਸਹਿਜਤਾ ਵੀ ਹੈ, ਸਮੱਸਿਆ ਦਾ ਜ਼ਿਕਰ ਵੀ ਹੈ, ਸਿਸਟਮ ਦੀਆਂ ਊਣਤਾਈਆਂ ਦਾ ਵਖਿਆਨ ਵੀ ਹੈ ਤੇ ਉਨ੍ਹਾਂ ਦੇ ਹੱਲ ਲਈ ਹੰਭਲਾ ਮਾਰਨ ਦੀ ਪ੍ਰੇਰਨਾ ਵੀ ਹੈ।
ਜਦੋਂਕਿ ਚਰਚਿਤ ਦੂਸਰੀ ਕਿਤਾਬ ‘ਕਿਸਾਨ ਅੰਦੋਲਨ’ ਦੇ ਹਵਾਲੇ ਨਾਲ ਗੱਲ ਕਰਦਿਆਂ ਉਘੇ ਵਿਦਵਾਨ ਤੇ ਲੇਖਕ ਅਮਰਜੀਤ ਸਿੰਘ ਵੜੈਚ ਹੁਰਾਂ ਨੇ ਕਿਹਾ ਕਿ ਤੁਸੀਂ ਝਾਤ ਮਾਰ ਕੇ ਦੇਖੋ ਹੋਰ ਖੇਤਰਾਂ ਵਾਂਗ ਸਾਹਿਤ ਦੇ ਖੇਤਰ ਵਿਚ ਵੀ ਸਦੀਆਂ ਤੋਂ ਮਰਦ ਦਾ ਹੀ ਦਬਦਬਾ ਰਿਹਾ ਹੈ। ਔਰਤ ਨੂੰ ਕਲਮ ਤੇ ਕਿਤਾਬ ਤੋਂ ਵੀ ਦੂਰ ਰੱਖਣ ਦੀ ਕੋਸ਼ਿਸ਼ ਹੁੰਦੀ ਰਹੀ ਹੈ ਪਰ ਅੱਜ ਜਦੋਂ ਪ੍ਰਭਜੋਤ ਕੌਰ ਢਿੱਲੋਂ ਵਰਗੀਆਂ ਲੋਕ ਸ਼ੈਲੀ ਵਿਚ ਤੇ ਧੜੱਲੇ ਨਾਲ ਸਟੀਕ ਲਿਖਣ ਵਾਲੀਆਂ ਲੇਖਿਕਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਨਵੀਆਂ ਕਲਮਾਂ ਨੂੰ ਵੀ ਹੌਸਲਾ ਮਿਲਦਾ ਹੈ।
ਇਸ ਮੌਕੇ ਆਪਣੀਆਂ ਦੋਵੇਂ ਪੁਸਤਕਾਂ ਦੀ ਸਿਰਜਣਾ ਅਤੇ ਸਿਰਜਣ ਦੀ ਕਹਾਣੀ ਸੁਣਾਉਂਦਿਆਂ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਨੇ ਕਿਹਾ ਕਿ ਮੈਂ ਜੋ ਹੱਡੀਂ ਹੰਢਾਇਆ ਉਸ ਨੂੰ ਕਾਗ਼ਜ਼ ‘ਤੇ ਉਕਰਿਆ ਤੇ ਉਹ ਲਿਖਤ ਛਪਣ ਤੋਂ ਬਾਅਦ ਪਤਾ ਲੱਗਾ ਕਿ ਇਹ ਪੀੜ ਮੇਰੀ ਹੀ ਨਹੀਂ ਸਮੁੱਚੇ ਸਮਾਜ ਦੀ ਹੈ। 2013 ਤੋਂ ਲਿਖਣ ਦਾ ਸਫ਼ਰ ਸ਼ੁਰੂ ਕਰਨ ਵਾਲੀ ਪ੍ਰਭਜੋਤ ਕੌਰ ਢਿੱਲੋਂ ਨੇ ਕਿਹਾ ਕਿ ਇਸ ਲੇਖਣੀ ਦੇ ਸਫ਼ਰ ਵਿਚ ਜਿੱਥੇ ਮੇਰੇ ਮਾਤਾ-ਪਿਤਾ ਦੇ ਜੀਨ ਕੰਮ ਕਰ ਰਹੇ ਹਨ ਉਥੇ ਰਿਟਾਇਰਡ ਗਰੁੱਪ ਕੈਪਟਨ ਮੇਰੇ ਪਤੀ ਅਮਰਜੀਤ ਸਿੰਘ ਢਿੱਲੋਂ ਦੀ ਹੌਸਲਾ ਅਫ਼ਜਾਈ ਤੇ ਸਾਥ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਭਜੋਤ ਕੌਰ ਢਿੱਲੋਂ ਇਨ੍ਹਾਂ ਦੋ ਪੁਸਤਕਾਂ ਤੋਂ ਪਹਿਲਾਂ ਵੀ ਦੋ ਲੇਖ ਸੰਗ੍ਰਹਿ ‘ਜ਼ਿੰਮੇਵਾਰ ਕੌਣ’ ਤੇ ‘ਸੱਚ ਦਾ ਸੂਰਜ’ ਦੇ ਰੂਪ ਵਿਚ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਅੱਜ ਲੋਕ ਅਰਪਣ ਹੋਈ ਕਿਤਾਬ ਹੱਕ ਸੱਚ ਦੀ ਅਵਾਜ਼ ‘ਕਿਸਾਨ ਅੰਦੋਲਨ’ ਖੂਬ ਚਰਚਾ ਵਿਚ ਚੱਲ ਰਹੀ ਹੈ। ਸਮੁੱਚੇ ਸਮਾਗਮ ਨੂੰ ਸਮੇਟਦਿਆਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਪ੍ਰਧਾਨਗੀ ਮੰਡਲ ਸਣੇ ਸਮੁੱਚੇ ਲੇਖਕਾਂ, ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਲੇਖਿਕਾਵਾਂ ਦੀ, ਅਜਿਹੇ ਲੇਖਾਂ ਦੀ ਤੇ ਅਜਿਹੀਆਂ ਕਿਤਾਬਾਂ ਦੀ ਅੱਜ ਦੇ ਸਮਾਜ ਨੂੰ ਬਹੁਤ ਜ਼ਰੂਰਤ ਹੈ। ਸਮਾਗਮ ਦੀ ਸਮੁੱਚੀ ਕਾਰਵਾਈ ਸ਼ਾਇਰਾਨਾ ਅੰਦਾਜ਼ ਵਿਚ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।
ਇਸ ਮੌਕੇ ਮਨਜੀਤ ਕੌਰ ਮੀਤ, ਪਾਲ ਅਜਨਬੀ, ਜਗਦੀਪ ਕੌਰ ਨੂਰਾਨੀ, ਡਾ. ਅਵਤਾਰ ਸਿੰਘ ਪਤੰਗ, ਰਜਿੰਦਰ ਕੌਰ, ਗੁਰਦਰਸ਼ਨ ਮਾਵੀ, ਅਮਰਜੀਤ ਸਿੰਘ ਢਿੱਲੋਂ, ਸੰਜੀਵ ਸਿੰਘ ਸੈਣੀ, ਅਸ਼ਵਨੀ ਅੱਤਰੀ, ਅਮਨਜੋਤ ਢਿੱਲੋਂ, ਰਾਜਦੀਪ ਕੌਰ ਮੁਲਤਾਨੀ, ਸੰਜੀਵਨ ਸਿੰਘ, ਰੰਜੀਵਨ ਸਿੰਘ,ਤੇਜਾ ਸਿੰਘ ਥੂਹਾ, ਧਿਆਨ ਸਿੰਘ ਕਾਹਲੋਂ, ਡਾ. ਮਨਜੀਤ ਸਿੰਘ ਬੱਲ, ਕਰਨਲ ਬਚਿੱਤਰ ਸਿੰਘ ਆਦਿ ਵੀ ਹਾਜ਼ਰ ਸਨ।

ਪੀਐਲਐਸ ਪਿਕਸ 1 : ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਕਿਤਾਬਾਂ ਨੂੰ ਲੋਕ ਅਰਪਣ ਕਰਦੇ ਹੋਏ ਪ੍ਰੋ. ਮਨਜੀਤ ਸਿੰਘ ਤੇ ਸਮੁੱਚਾ ਪ੍ਰਧਾਨਗੀ ਮੰਡਲ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …