ਪੰਜਾਬ ਭਵਨ ਦਿੱਲੀ ‘ਚ ਤਾਇਨਾਤ ਪੰਜ ਡਾਕਟਰਾਂ ਨੂੰ ਸੂਬੇ ‘ਚ ਭੇਜਿਆ
ਚੰਡੀਗੜ੍ਹ/ਬਿਊਰੋ ਨਿਊਜ਼
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਤਬੀਅਤ ਕੀ ਵਿਗੜੀ ਕਿ ਦਿੱਲੀ ਦੇ ਪੰਜਾਬ ਭਵਨ ਵਿਚ ਤਾਇਨਾਤ ਪੰਜ ਡਾਕਟਰਾਂ ਦੀ ਸ਼ਾਮਤ ਆ ਗਈ। ਉਨ੍ਹਾਂ ਦਾ ਗੁਨਾਹ ਇਹ ਸੀ ਕਿ ਉਹ ਸਮੇਂ ‘ਤੇ ਉਪ ਮੁੱਖ ਮੰਤਰੀ ਦਾ ਚੈਕਅੱਪ ਕਰਨ ਲਈ ਨਹੀਂ ਪੁੱਜੇ।
ਡਾਕਟਰਾਂ ਦੇ ਇਸ ਰਵੱਈਏ ਨੂੰ ਦੇਖਦਿਆਂ ਸੁਖਬੀਰ ਬਾਦਲ ਰੋਹ ਵਿਚ ਆ ਗਏ ਅਤੇ ਉਨ੍ਹਾਂ ਪੰਜਾਬ ਸਿਹਤ ਵਿਭਾਗ ਤੋਂ ਡੈਪੂਟੇਸ਼ਨ ‘ਤੇ ਆਏ ਇਨ੍ਹਾਂ ਡਾਕਟਰਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭੇਜਣ ਦੇ ਹੁਕਮ ਚਾੜ੍ਹ ਦਿੱਤੇ। ਉਂਜ ਸਿਹਤ ਵਿਭਾਗ ਦੇ ਅੱਠ ਡਾਕਟਰ ਡੈਪੂਟੇਸ਼ਨ ‘ਤੇ ਤਾਇਨਾਤ ਸਨ।
ਸੂਤਰਾਂ ਮੁਤਾਬਕ ਕਰੀਬ ਤਿੰਨ ਹਫ਼ਤੇ ਪਹਿਲਾਂ ਉਪ ਮੁੱਖ ਮੰਤਰੀ ਨੂੰ ਰਾਤ ਦੇ ਸਮੇਂ ਬੇਚੈਨੀ ਮਹਿਸੂਸ ਹੋਈ ਤਾਂ ਸਲਾਹ ਮਸ਼ਵਰੇ ਲਈ ਪੰਜਾਬ ਭਵਨ ਵਿਚ ਰਾਤ ਦੀ ਡਿਊਟੀ ‘ਤੇ ਤਾਇਨਾਤ ਡਾਕਟਰ ਦੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਬਾਅਦ ਵਿਚ ਉਨ੍ਹਾਂ ਦੇ ਅਮਲੇ ਨੇ ਜਦੋਂ ਹੋਰ ਡਾਕਟਰਾਂ ਨਾਲ ਸੰਪਰਕ ਕਾਇਮ ਕੀਤਾ ਤਾਂ ਉਹ ਵੀ ਇਕ ਘੰਟੇ ਦੀ ਦੇਰੀ ਮਗਰੋਂ ਉਥੇ ਪੁੱਜੇ। ਪ੍ਰਿੰਸੀਪਲ ਸਕੱਤਰ ઠਸਿਹਤ ਵਿੰਨੀ ਮਹਾਜਨ ਨੇ 14 ਸਤੰਬਰ ਨੂੰ ਹੁਕਮ ਜਾਰੀ ਕਰਕੇ ਡਾਕਟਰਾਂ ਨੂੰ ਆਪਣੀ ਤਾਇਨਾਤੀ ਵਾਲੇ ਸ਼ਹਿਰਾਂ ਵਿਚ ਜਾਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਜਿਥੋਂ ਉਨ੍ਹਾਂ ਨੂੰ ਤਨਖ਼ਾਹ ਮਿਲ ਰਹੀ ਸੀ। ਤਿੰਨ ਮੈਡੀਕਲ ਅਫ਼ਸਰਾਂ ਡਾਕਟਰ ਸੰਗੀਤਾ ਭਗਤ ਨੂੰ ਮਾਨਸਾ, ਡਾਕਟਰ ਸੁਨੀਤ ਪਾਲ ਕੌਰ ਨੂੰ ਫਿਰੋਜ਼ਪੁਰ ਅਤੇ ਡਾਕਟਰ ਰਵਨੀਤ ਕੌਰ ਨੂੰ 16 ਸਤੰਬਰ ਨੂੰ ਬਠਿੰਡਾ ਤਬਦੀਲ ਕਰ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਦੋ ਡੈਂਟਲ ਡਾਕਟਰਾਂ ਸੋਨਾ ਅਲੀ ਸਿੰਘ ਅਤੇ ਮੀਨਾਕਸ਼ੀ ਸੂਦ ਦਾ ਵੀ ਤਬਾਦਲਾ ਕੀਤਾ ਗਿਆ ਹੈ। ਇਨ੍ਹਾਂ ਡਾਕਟਰਾਂ ਦੀ ਡੈਪੂਟੇਸ਼ਨ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।ਸੂਤਰਾਂ ਨੇ ਕਿਹਾ ਕਿ ਕੁਝ ਡਾਕਟਰਾਂ ਨੇ ਪੰਜਾਬ ਵਿਚ ਅਜੇ ਡਿਊਟੀ ਜੁਆਇਨ ਨਹੀਂ ਕੀਤੀ ਹੈ ਅਤੇ ਕੁਝ ਨੇ ਸਰਕਾਰ ਕੋਲ ਪਹੁੰਚ ਕੀਤੀ ਹੈ। ਟਰਾਂਸਫਰ ਕੀਤੇ ਗਏ ਇਕ ਡਾਕਟਰ ਦੇ ਪਤੀ ਨੇ ਦੱਸਿਆ ਕਿ ਉਹ ਹੁਣ ਦਿੱਲੀ ਵਿਚ ਵੱਸ ਚੁੱਕੇ ਹਨ ਪਰ ਇਹ ਨੌਕਰੀ ਦਾ ਹਿੱਸਾ ਹੈ। ਸੂਤਰਾਂ ਨੇ ਕਿਹਾ ਕਿ ਪੰਜਾਬ ਭਵਨ ਵਿਚ ਕੋਈ ਮਨਜ਼ੂਰਸ਼ੁਦਾ ਪੋਸਟ ਨਾ ਹੋਣ ਦੇ ਬਾਵਜੂਦ ਪੰਜ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਸੀ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਪੰਜਾਬ ਭਵਨ ਨੇ ਪੰਜਾਬ ਸਿਹਤ ਵਿਭਾਗ ਤੋਂ ਡਾਕਟਰ ਮੰਗੇ ਸਨ ਅਤੇ ਹੁਣ ਉਨ੍ਹਾਂ ਦੀ ਲੋੜ ਨਹੀਂ ਹੈ।
ਉਨ੍ਹਾਂ ਵੱਲੋਂ ਡੈਪੂਟੇਸ਼ਨ ਰੱਦ ਕੀਤੇ ਜਾਣ ਮਗਰੋਂ ਇਨ੍ਹਾਂ ਡਾਕਟਰਾਂ ਨੂੰ ਆਪਣੀ ਆਪਣੀ ਪੋਸਟਿੰਗ ਵਾਲੇ ਟਿਕਾਣੇ ‘ਤੇ ਜੁਆਇਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਧਰ ਪੰਜਾਬ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਕੇ ਸਿਵਾ ਪ੍ਰਸਾਦ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …