ਅੰਮ੍ਰਿਤਸਰ ਦੇ ਹੋਟਲਾਂ ਵਿੱਚ ਵੀ ਯਾਤਰੂਆਂ ਦੀ ਕਮੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਰਜੀਕਲ ਅਪਰੇਸ਼ਨ ਮਗਰੋਂ ਭਾਰਤ-ਪਾਕਿ ਸਰਹੱਦ ‘ਤੇ ਤਣਾਅ ਦੀਆਂ ਖ਼ਬਰਾਂ ਕਾਰਨ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਇਸ ਨਾਲ ਹੋਟਲ ਸਨਅਤ ਤੇ ਹੋਰ ਵਪਾਰ ਪ੍ਰਭਾਵਿਤ ਹੋਇਆ ਹੈ। ਸਰਹੱਦ ‘ਤੇ ઠਲੋਕਾਂ ਨੂੰ ਰਿਟਰੀਟ ਰਸਮ ਤੋਂ ਰੋਕੇ ਜਾਣ ਮਗਰੋਂ ਸਰਹੱਦੀ ਖੇਤਰ ਵਿੱਚ ਵਪਾਰ ਵੀ ਪ੍ਰਭਾਵਿਤ ਹੋਇਆ ਹੈ। ਸਰਜੀਕਲ ਅਪਰੇਸ਼ਨ ਤੋਂ ਬਾਅਦ ਪੰਜਾਬ ਦੀ ਸਰਹੱਦ ‘ਤੇ ਦਸ ਕਿਲੋਮੀਟਰ ਦੇ ਰਕਬੇ ਵਿੱਚ ਲੋਕਾਂ ਨੂੰ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਸਰਹੱਦੀ ਖੇਤਰ ਦੇ ਸਕੂਲ ਬੰਦ ਕਰ ਦਿੱਤੇ ਗਏ ਅਤੇ ਸਰਹੱਦੀ ਪਿੰਡਾਂ ਵਿੱਚ ਬਲੈਕ ਆਊਟ ਦੇ ਆਦੇਸ਼ ਦਿੱਤੇ ਗਏ। ਇਸ ਸਬੰਧੀ ਵੱਡੇ ਪੱਧਰ ‘ਤੇ ਪ੍ਰਚਾਰ ਹੋਇਆ, ਜਿਸ ਕਾਰਨ ਪੰਜਾਬ ਆਉਣ ਵਾਲੇ ਯਾਤਰੂਆਂ ਨੇ ਆਪਣੇ ਮਨ ਬਦਲ ਲਏ। ਸਿੱਟੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਯਾਤਰੂਆਂ ਦੀ ਗਿਣਤੀ ਘੱਟ ਹੋ ਜਾਣ ਕਾਰਨ ਵਪਾਰ ‘ਤੇ ਵੀ ਅਸਰ ਪਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਆਉਣ ਵਾਲੇ ਯਾਤਰੂਆਂ ਦੀ ਗਿਣਤੀ ਵਿੱਚ ਦਸ ਫੀਸਦੀ ਤੋਂ ਵਧੇਰੇ ਕਮੀ ਆਈ ਹੈ, ਜਦੋਂ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਵੀ ਲਗਪਗ 25 ਫੀਸਦੀ ਲੰਗਰ ਘੱਟ ਤਿਆਰ ਹੋ ਰਿਹਾ ਹੈ। ਆਮ ਦਿਨਾਂ ਵਿੱਚ ਪਹਿਲਾਂ 65 ਤੋਂ 70 ਕੁਇੰਟਲ ਆਟਾ ਪ੍ਰਸ਼ਾਦਾ ਤਿਆਰ ਕਰਨ ਲਈ ਵਰਤਿਆ ਜਾਂਦਾ ਸੀ, ਜੋ ਪਿਛਲੇ ਦਿਨਾਂ ਤੋਂ 50 ਤੋਂ 55 ਕੁਇੰਟਲ ਵਰਤਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਦਰਸ਼ਨੀ ਡਿਉਢੀ ਤੋਂ ਪੁਲ ਅਤੇ ਦਰਸ਼ਨੀ ਡਿਉਢੀ ਤੋਂ ਬਾਹਰ ਅਕਾਲ ਤਖ਼ਤ ਸਾਹਿਬ ਤੱਕ ਕਤਾਰਾਂ ਲੱਗੀਆਂ ਰਹਿੰਦੀਆਂ ਸਨ ਪਰ ਹੁਣ ਸ਼ਰਧਾਲੂਆਂ ਦੀ ਆਮਦ ਘਟੀ ਹੈ। ਸ੍ਰੀ ਹਰਿਮੰਦਰ ਸਾਹਿਬ ਨੇੜਲੇ ਹੋਟਲਾਂ ਵਿੱਚ ਵੀ ਯਾਤਰੂਆਂ ਦੀ ਆਮਦ ਘਟੀ ਹੈ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਆਖਿਆ ਕਿ ਯਾਤਰੂਆਂ ਦੀ ਗਿਣਤੀ ਵਿੱਚ ਲਗਪਗ 50 ਫੀਸਦੀ ਕਮੀ ਆਈ ਹੈ, ਜਿਸ ਦਿਨ ਤੋਂ ਜੰਗ ਲੱਗਣ ਦੀਆਂ ਖ਼ਬਰਾਂ ਸ਼ੁਰੂ ਹੋਈਆਂ, ਯਾਤਰੂਆਂ ਨੇ ਬੁਕਿੰਗ ਰੱਦ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ ਕਿ ਇਹ ਮਹੀਨੇ ਤਿਉਹਾਰਾਂ ਦੇ ਹਨ। ਬੰਗਾਲ ਵਿੱਚ ਪੂਜਾ ਦੀਆਂ ਛੁੱਟੀਆਂ ਹਨ ਅਤੇ ਇਨ੍ਹਾਂ ਛੁੱਟੀਆਂ ਦੌਰਾਨ ਬੰਗਾਲੀ ਯਾਤਰੂ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਆਉਂਦੇ ਹਨ। ਦੱਖਣੀ ਭਾਰਤ ਦਾ ਯਾਤਰੂ ਵੀ ਵੱਡੀ ਗਿਣਤੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਸੀ ਪਰ ਹੁਣ ਯਾਤਰੂਆਂ ਦੀ ਗਿਣਤੀ ਅਚਨਚੇਤ ਘਟ ਗਈ ਹੈ। ਪੰਜਾਬੀ ਜੁੱਤੀ ਅਤੇ ਪੰਜਾਬੀ ਸੂਟ ਵੇਚਣ ਵਾਲੇ ਦੁਕਾਨਦਾਰਾਂ ਨੇ ਆਖਿਆ ਕਿ ਯਾਤਰੂਆਂ ਦੀ ਕਮੀ ਕਾਰਨ ਵਪਾਰ ‘ਤੇ ਮਾੜਾ ਅਸਰ ਪਿਆ ਹੈ। ਸਿਵਲ ਲਾਈਨ ਇਲਾਕੇ ਦੇ ਹੋਟਲ ਕਲਾਰਕ ਇਨ ਦੇ ਐਮਡੀ ਚਰਨਜੀਤ ਸਿੰਘ ਚੱਢਾ ਨੇ ਆਖਿਆ ਕਿ ਇਸ ਮਾਹੌਲ ਕਾਰਨ ਲਗਪਗ 30 ਫੀਸਦੀ ਯਾਤਰੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਬੁਕਿੰਗਜ਼ ਵੀ ਰੱਦ ਕਰਾਈਆਂ ਜਾ ਰਹੀਆਂ ਹਨ।
ਸਰਹੱਦ ‘ਤੇ ਝੰਡਾ ਉਤਾਰਨ ਦੀ ਰਸਮ (ਰਿਟਰੀਟ ਸੈਰੇਮਨੀ) ਵਿੱਚ ਲੋਕਾਂ ਦੀ ਸ਼ਮੂਲੀਅਤ ਰੋਕਣ ਕਾਰਨ ਸਰਹੱਦੀ ਖੇਤਰ ਦਾ ਵਪਾਰ ਪ੍ਰਭਾਵਿਤ ਹੋਇਆ ਹੈ। ਇਕ ਟੈਕਸੀ ਚਾਲਕ ਗੁਰਮੀਤ ਸਿੰਘ ਨੇ ਆਖਿਆ ਕਿ ਅੰਮ੍ਰਿਤਸਰ ਆਉਣ ਵਾਲੇ ਵਧੇਰੇ ਯਾਤਰੂ ਸ਼ਾਮ ਨੂੰ ਰਿਟਰੀਟ ਸੈਰੇਮਨੀ ਵੇਖਣ ਲਈ ਸਰਹੱਦ ‘ਤੇ ਜਾਂਦੇ ਹਨ ਪਰ ਹੁਣ ਕੋਈ ਵੀ ਟੈਕਸੀ ਸਰਹੱਦ ਵੱਲ ਨਹੀਂ ਜਾ ਰਹੀ। ਅਟਾਰੀ ਜਾਂਦਿਆਂ ਰਸਤੇ ਵਿੱਚ ਬਣੇ ਟੌਲ ਪਲਾਜ਼ਾ ਦੇ ਕਰਮਚਾਰੀਆਂ ਨੇ ਖੁਲਾਸਾ ਕੀਤਾ ਕਿ ਤਣਾਅ ਤੋਂ ਪਹਿਲਾਂ ਰੋਜ਼ਾਨਾ ਲਗਪਗ ਹਜ਼ਾਰ ਵਾਹਨ ਇੱਥੋਂ ਲੰਘਦੇ ਸਨ, ਜਦੋਂ ਕਿ ਹੁਣ ਸਿਰਫ਼ 40-50 ਵਾਹਨ ਲੰਘ ਰਹੇ ਹਨ ਅਤੇ ਇਹ ਵੀ ਇਕ ਪਾਸੇ ਜਾਣ ਵਾਲੇ ਵਾਹਨ ਹਨ। ਅਟਾਰੀ ਸਰਹੱਦ ‘ਤੇ ਬਣੇ ‘ਸਰਹੱਦ’ ਰੈਸਤਰਾਂ ਦੇ ਮਾਲਕ ਅਮਨ ਜਸਪਾਲ ઠਨੇ ਆਖਿਆ ਕਿ ਤਣਾਅ ਕਾਰਨ ਲਗਪਗ 90 ਫੀਸਦੀ ਵਿਕਰੀ ਘਟੀ ਹੈ। ਦੱਸਣਯੋਗ ਹੈ ਕਿ ਤਣਾਅ ਤੋਂ ਪਹਿਲਾਂ ਆਮ ਦਿਨਾਂ ਵਿੱਚ 10 ਤੋਂ 15 ਹਜ਼ਾਰ ਦਰਸ਼ਕ ਇਹ ਰਸਮ ਦੇਖਣ ਲਈ ਰੋਜ਼ਾਨਾ ਅਟਾਰੀ ਪੁੱਜਦੇ ਸਨ, ਜਦੋਂ ਕਿ ਹਫ਼ਤੇ ਦੇ ਆਖਰੀ ਦਿਨਾਂ, ਛੁੱਟੀਆਂ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਦਰਸ਼ਕਾਂ ਦੀ ਗਿਣਤੀ 20 ਤੋਂ 25 ਹਜ਼ਾਰ ਤੱਕ ਪੁੱਜ ਜਾਂਦੀ ਸੀ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …