ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਧਰਮਸੋਤ ਦੇ ਪੁਤਲੇ ਸਾੜੇ
ਚੰਡੀਗੜ੍ਹ/ਬਿਊਰੋ ਨਿਊਜ਼
ਯੂਥ ਅਕਾਲੀ ਦਲ ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਅਨੁਸੂਚਿਤ ਜਾਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁਤਲੇ ਸਾੜੇ ਅਤੇ ਮੰਗ ਕੀਤੀ ਕਿ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਕੀਮਤ ‘ਤੇ ਕਥਿਤ ਦਾਗੀ ਮੰਤਰੀ ਦਾ ਬਚਾਅ ਨਾ ਕਰਨ ਦੀ ਅਪੀਲ ਤੋਂ ਇਲਾਵਾ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਸਿਫਾਰਸ਼ ਕਰਨ। ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੁਹਾਲੀ ਵਿਚ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ, ਜਿੱਥੇ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਧਰਮਸੋਤ ਖ਼ਿਲਾਫ਼ ਨਾਅਰੇ ਲਗਾਏ ਗਏ। ਰੋਮਾਣਾ ਨੇ ਕਿਹਾ ਕਿ ਇਹ ਕਿਹੋ ਜਿਹਾ ਨਿਆਂ ਹੈ ਜਦੋਂ ਧਰਮਸੋਤ ਵੱਲੋਂ ਐੱਸ.ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਦਾ ਕਥਿਤ ਘੁਟਾਲਾ ਕਰਨ ਅਤੇ 309 ਕਰੋੜ ਰੁਪਏ ਦੀ ਵੰਡ ਰੋਕਣ ਅਤੇ 811 ਕਰੋੜ ਰੁਪਏ ਦੀ ਗਲਤ ਤਰੀਕੇ ਵੰਡ ਕੀਤੇ ਜਾਣ ਦੀ ਰਿਪੋਰਟ ਮਿਲ ਗਈ ਗਈ ਹੈ ਪਰ ਫਿਰ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਵੇਰਵੇ ਸਾਂਝੇ ਕਰਦਿਆਂ ਰੋਮਾਣਾ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ, ਜੋ ਕਿ ਐੱਸ.ਸੀ. ਭਲਾਈ ਵਿਭਾਗ ਦੇ ਇੰਚਾਰਜ ਹਨ, ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ ਜਿਸ ਨੇ ਰਿਪੋਰਟ ਸੌਂਪੀ ਹੈ ਕਿ ਮੰਤਰੀ ਦੇ ਕਹਿਣ ‘ਤੇ ਜਾਰੀ ਕੀਤੇ ਗਏ 39 ਕਰੋੜ ਰੁਪਏ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਜਦਕਿ 24 ਕਰੋੜ ਰੁਪਏ ਧਰਮਸੋਤ ਨੇ ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਜਾਰੀ ਕੀਤੇ ਹਨ ਜਿਨ੍ਹਾਂ ਖ਼ਿਲਾਫ਼ ਪਿਛਲੀ ਵਸੂਲੀ ਹਾਲੇ ਬਾਕੀ ਹੈ।ਉਨ੍ਹਾਂ ਕਿਹਾ ਕਿ ਮੰਤਰੀ ਦੇ ਖ਼ਿਲਾਫ਼ ਇਨ੍ਹਾਂ ਤੱਥਾਂ ‘ਤੇ ਆਧਾਰਿਤ ਰਿਪੋਰਟ ਦੇ ਬਾਵਜੂਦ ਮੁੱਖ ਮੰਤਰੀ ਨੇ ਧਰਮਸੋਤ ਨੂੰ ‘ਕਲੀਨ ਚਿੱਟ’ ਦਿੰਦਿਆਂ ਇਸਦੀ ਜਾਂਚ ਮੁੱਖ ਸਕੱਤਰ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਜਾਂਚ ਨੂੰ ਰੱਦ ਕਰਦੇ ਅਤੇ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਕੇ ਸਾਥੀਆਂ ਸਣੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਉਚੇਰੀ ਸਿੱਖਿਆ ਸੰਸਥਾਵਾਂ ਵਿਚ ਦਲਿਤ ਵਿਦਿਆਰਥੀਆਂ ਦਾ ਦਾਖਲਾ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 3.30 ਲੱਖ ਤੋਂ ਘਟ ਕੇ 1.50 ਰਹਿ ਗਿਆ ਹੈ ਤੇ ਇਸ ਤਰੀਕੇ 1.80 ਲੱਖ ਦਲਿਤ ਵਿਦਿਆਰਥੀ ਘਟ ਗਏ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …