ਪਠਾਨਕੋਟ/ਬਿਊਰੋ ਨਿਊਜ਼ : ਪਠਾਨਕੋਟ ਨੇੜਲੇ ਪਿੰਡ ਥਰੀਆਲ ਵਿਚ ਲੁੱਟ ਤੇ ਹਮਲੇ ਦੀ ਵਾਰਦਾਤ ਵਿਚ ਜ਼ਖ਼ਮੀ ਹੋਏ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਬੇਟੇ ਕੌਸ਼ਲ ਕੁਮਾਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। 30 ਸਾਲਾ ਕੌਸ਼ਲ ਪਿਛਲੇ ਦਿਨਾਂ ਤੋਂ ਪਠਾਨਕੋਟ ਦੇ ਇਕ ਨਿੱਜੀ ਹਸਪਤਾਲ ਵਿਚ ਵੈਂਟੀਲੇਟਰ ‘ਤੇ ਸੀ। ਹਾਲਤ ਗੰਭੀਰ ਹੋਣ ਕਾਰਨ ਡਾਕਟਰ ਕੌਸ਼ਲ ਨੂੰ ਪੀਜੀਆਈ ਰੈਫਰ ਕਰਨ ਦੀ ਤਿਆਰੀ ਕਰ ਹੀ ਰਹੇ ਸਨ ਕਿ ਉਸ ਦੀ ਮੌਤ ਹੋ ਗਈ। ਹਮਲੇ ਵਿਚ ਰੈਣਾ ਦੀ ਜ਼ਖ਼ਮੀ ਹੋਈ ਭੂਆ ਆਸ਼ਾ ਦੇਵੀ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਵੀ ਵੈਂਟੀਲੇਟਰ ਸਪੋਰਟ ‘ਤੇ ਹੈ। ਦੂਜੇ ਪਾਸੇ, ਭੂਆ ਦੇ ਪਰਿਵਾਰ ‘ਤੇ ਹੋਏ ਹਮਲੇ ਅਤੇ ਭੂਆ ਦੇ ਪੁੱਤ ਦੀ ਮੌਤ ‘ਤੇ ਸੁਰੇਸ਼ ਰੈਣਾ ਦੇ ਟਵੀਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਐੱਸਆਈਟੀ ਗਠਨ ਦੇ ਆਦੇਸ਼ ਦੇ ਦਿੱਤੇ, ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਬਾਰਡਰ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਐੱਸਐੱਸਪੀ ਪਠਾਨਕੋਟ, ਐੱਸਪੀ (ਜਾਂਚ) ਪਠਾਨਕੋਟ ਪ੍ਰਭਜੋਤ ਸਿੰਘ ਵਿਰਕ, ਡੀਐੱਸਪੀ ਰਵਿੰਦਰ ਸਿੰਘ ਨੂੰ ਟੀਮ ਵਿਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਏਡੀਜੀਪੀ ਲਾਅ ਐਂਡ ਆਰਡਰ ਈਸ਼ਵਰ ਸਿੰਘ ਮਾਮਲੇ ‘ਤੇ ਹਰ ਪਲ ਨਜ਼ਰ ਰੱਖਣਗੇ ਅਤੇ ਰੋਜ਼ਾਨਾ ਉਨ੍ਹਾਂ ਨੂੰ ਰਿਪੋਰਟ ਕਰਨਗੇ। ਰੈਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ, ‘ਸਾਨੂੰ ਅੱਜ ਤੱਕ ਪਤਾ ਨਹੀਂ ਕਿ ਉਸ ਰਾਤ ਕੀ ਹੋਇਆ ਅਤੇ ਕਿਸਨੇ ਕੀਤਾ। ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ‘ਤੇ ਗੌਰ ਕਰੇ। ਸਾਨੂੰ ਘੱਟ ਤੋਂ ਘੱਟ ਇਹ ਜਾਨਣ ਦਾ ਹੱਕ ਤਾਂ ਹੈ ਕਿ ਇਹ ਕਾਰਾ ਕਿਸ ਨੇ ਕੀਤਾ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …