Breaking News
Home / ਪੰਜਾਬ / ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼

ਐਨ ਆਰ ਆਈ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਰਿਲੀਜ਼

ਸ਼ਹਿਰੀਂ ਵਸਿਆ ਮਨੁੱਖ ਸਕੂਨ ਲੱਭਣ ਪਿੰਡਾਂ ਵੱਲ ਨੂੰ ਦੌੜਦਾ ਹੈ : ਕਵੀ ਚਰਨ ਸਿੰਘ

ਕਵੀ ਚਰਨ ਸਿੰਘ ਨੂੰ ਪਹਿਲੇ ਦਿਨ ਤੋਂ ਹੀ ਨਿੱਠ ਕੇ ਪੜ੍ਹਨ ਦੀ ਹੈ ਆਦਤ : ਜਨਕ ਰਾਜ

ਕਵੀ ਦੀਆਂ ਰਚਨਾਵਾਂ ਸਮੇਂ ਦੇ ਹਾਕਮਾਂ ਨੂੰ ਸਵਾਲ ਕਰਨ ਦਾ ਦਮ ਭਰਦੀਆਂ ਹਨ : ਪ੍ਰੋ. ਬ੍ਰਹਮਜਗਦੀਸ਼

ਚੰਡੀਗੜ੍ਹ : ‘ਅਜੋਕਾ ਮਨੁੱਖ ਮੌਡਰਨ ਜ਼ਿੰਦਗੀ ਜਿਊਣ ਦੇ ਦਾਅਵੇ ਕਰਦਾ ਹੈ। ਪਰ ਉਹ ਸਮੁੱਚੇ ਸਕੂਨ ਤੋਂ ਮਨਫੀ ਹੈ। ਸ਼ਹਿਰੀ ਸੱਭਿਆਚਾਰ ਨੂੰ ਸਵੀਕਾਰ ਕਰ ਚੁੱਕਿਆ ਅੱਜ ਦਾ ਆਧੁਨਿਕ ਕਹਾਉਣ ਵਾਲਾ ਮਨੁੱਖ ਸਕੂਨ ਲੱਭਣ ਲਈ ਪਿੰਡਾਂ ਤੇ ਖੇਤਾਂ ਵੱਲ ਨੂੰ ਦੌੜਦਾ ਹੈ।’ ਇਹ ਗੰਭੀਰ ਟਿੱਪਣੀ ਐਨ ਆਰ ਆਈ ਕਵੀ ਚਰਨ ਸਿੰਘ ਨੇ ਕਰਦਿਆਂ ਅਜੋਕੇ ਮਨੁੱਖ ਦੀ ਦੁਰਦਸ਼ਾ ਨੂੰ ਬਿਆਨ ਕਰਦੀਆਂ ਨਜ਼ਮਾਂ ਵੀ ਪੇਸ਼ ਕੀਤੀਆਂ। ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਬੈਨਰ ਹੇਠ ਉਤਮ ਰੈਸਟੋਰੈਂਟ ਦੀ ‘ਉਤਮ ਪੰਜਾਬੀ ਬੈਠਕ’ ‘ਚ ਸਾਹਿਤਕ ਮਹਿਫ਼ਲ ਸਜਾਈ ਗਈ, ਜਿਸ ਵਿਚ ਕੈਨੇਡਾ ਦੇ ਸਰੀ ਨਾਲ ਸਬੰਧਤ ਐਨ ਆਰ ਆਈ ਲੇਖਕ ਕਵੀ ਚਰਨ ਸਿੰਘ ਦੀ ਕਾਵਿ ਪੁਸਤਕ ‘ਤੀਸਰੀ ਅੱਖ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ‘ਤੇ ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੂੰ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਨਾਮਵਰ ਕਵੀ ਚਰਨ ਸਿੰਘ ਜੀ ਦਾ ਅਸੀਂ ਉਚੇਚਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਭਾ ਨਾਲ ਸਾਂਝ ਪਾ ਕੇ ਵਿਦੇਸ਼ੀ ਧਰਤੀ ‘ਤੇ ਉਪਜੀਆਂ ਰਚਨਾਵਾਂ ਦੇ ਬੀਜ ਇਸ ਚੰਡੀਗੜ੍ਹ ਦੇ ਸਾਹਿਤਕ ਵਿਹੜੇ ਵਿਚ ਬਿਖੇਰ ਦਿੱਤੇ ਹਨ। ਕਿਤਾਬ ‘ਤੀਸਰੀ ਅੱਖ’ ਨੂੰ ਰਿਲੀਜ਼ ਕਰਨ ਤੋਂ ਬਾਅਦ ਸਾਹਿਤਕਾਰ ਜਨਕ ਰਾਜ ਸਿੰਘ ਨੇ ਲੇਖਕ ਦੇ ਸਕੂਲੀ ਅਤੇ ਕਾਲਜ ਦੇ ਜੀਵਨ ਤੋਂ ਸ਼ੁਰੂ ਹੁੰਦਿਆਂ ਉਸ ਦੇ ਅਜੋਕੇ ਜੀਵਨ ਤੱਕ ਜਿੱਥੇ ਸਰੋਤਿਆਂ ਦੀ ਸਾਂਝ ਪਵਾਈ, ਉਥੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਕਾਲਜ ਦੇ ਦੌਰ ਵਿਚ ਚਰਨ ਸਿੰਘ ਕਿਤਾਬਾਂ ਲੱਭ-ਲੱਭ ਕੇ ਪੜ੍ਹਦਾ ਸੀ ਤੇ ਅੱਜ ਵੀ ਮੈਥੋਂ ਚੰਡੀਗੜ੍ਹ ਤੋਂ ਪੁਸਤਕਾਂ ਦੀ ਹੀ ਮੰਗ ਕਰਦਾ ਰਹਿੰਦਾ ਹੈ। ਜਨਕ ਰਾਜ ਜੀ ਨੇ ਆਖਿਆ ਕਿ ਉਸ ਨੂੰ ਪਹਿਲੇ ਦਿਨ ਤੋਂ ਹੀ ਨਿੱਠ ਕੇ ਪੜ੍ਹਨ ਦੀ ਆਦਤ ਹੈ ਤੇ ਇਸ ਲਈ ਉਹ ਤੰਦਰੁਸਤ ਸਾਹਿਤ ਰਚ ਰਿਹਾ ਹੈ। ਜ਼ਿਕਰਯੋਗ ਹੈ ਕਿ ਕਵੀ ਚਰਨ ਸਿੰਘ ਦੀਆਂ 46 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, 24 ਤੋਂ ਵੱਧ ਕਿਤਾਬਾਂ ਛਪਾਈ ਅਧੀਨ ਹਨ। ਪਿੰਡ ਬੇਗੋਵਾਲ ਦੇ ਜੰਮਪਲ ਕਵੀ ਚਰਨ ਸਿੰਘ ਅੱਜ ਕੱਲ੍ਹ ਸਰੀ ਵਿਖੇ ਵਸਦੇ ਹਨ ਤੇ ਉਥੇ ਵੀ ਕੇਂਦਰੀ ਪੰਜਾਬੀ ਸਭਾ ਦੇ ਉਹ ਲਗਾਤਾਰ ਪ੍ਰਧਾਨ ਚੱਲੇ ਆ ਜਾ ਰਹੇ ਹਨ।

ਕਿਤਾਬ ਬਾਰੇ ਵਿਸਥਾਰਤ ਪਰਚਾ ਪੇਸ਼ ਕਰਦਿਆਂ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਆਖਿਆ ਕਿ ਚਰਨ ਸਿੰਘ ਦੀ ਕਵਿਤਾਵਾਂ ਅੰਤਰ ਸੰਵਾਦ ਸਿਰਜਦੀਆਂ ਹਨ। ਇਹ ਸਾਨੂੰ ਆਪਣੇ ਆਪ ਨਾਲ ਸਵਾਲ ਕਰਦੀਆਂ ਹਨ ਤੇ ਸਾਨੂੰ ਤਕੜਾ ਕਰਦੀਆਂ ਹਨ ਕਿ ਅਸੀਂ ਸਰਮਾਏਦਾਰਾਂ ਤੋਂ, ਆਪਣੇ ਹਾਕਮਾਂ ਤੋਂ ਸਵਾਲ ਕਰ ਸਕੀਏ। ਉਨ੍ਹਾਂ ਆਖਿਆ ਕਿ ਚਰਨ ਸਿੰਘ ਦੀਆਂ ਲਿਖਤਾਂ ਜਾਗਰੂਕ ਕਰਨ ਵਾਲੀਆਂ ਹਨ। ਇਸ ਮੌਕੇ ‘ਤੇ ਕਵੀ ਚਰਨ ਸਿੰਘ ਨਾਲ ਹੋਏ ਰੂ-ਬ-ਰੂ ਦੌਰਾਨ ਸਵਾਲ-ਜਵਾਬ ਦਾ ਵੀ ਦੌਰ ਚੱਲਿਆ। ਜਿੱਥੇ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਲੋਕ ਪੂਰੀ ਤਰ੍ਹਾਂ ਪਦਾਰਥਵਾਦੀ ਹੋ ਚੁੱਕੇ ਹਨ। ਅੱਜ ਦੀ ਨੌਜਵਾਨ ਪੀੜ੍ਹੀ, ਜਿਸ ਵਿਚ ਸਾਡੀ ਧਰਤੀ ਤੋਂ ਉਠ ਕੇ ਗਏ ਨੌਜਵਾਨ ਵੀ ਸ਼ਾਮਲ ਹਨ। ਉਹ ਸਮਾਜ ਦਾ ਹਰ ਆਨੰਦ ਉਠਾਉਣਾ ਚਾਹੁੰਦੇ ਹਨ ਪਰ ਬੱਚਿਆਂ ਤੇ ਮਾਪਿਆਂ ਦਾ ਉਹ ਭਾਰ ਚੁੱਕਣ ਲਈ ਤਿਆਰ ਨਹੀਂ। ਕਵੀ ਚਰਨ ਸਿੰਘ ਨੇ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ ਹਾਂ ਜੋ ਮਹਿਲਾਂ ਵਰਗੇ ਘਰਾਂ ‘ਚ ਰਹਿੰਦੇ ਹਨ ਤੇ ਆਪਣੇ ਬਜ਼ੁਰਗ ਮਾਪਿਆਂ ਨੂੰ ਬੇਸਮੈਂਟਾਂ ਵਿਚ ਰੱਖਿਆ ਹੈ ਤੇ ਉਨ੍ਹਾਂ ਤੋਂ ਉਸ ਦਾ ਵੀ ਕਿਰਾਇਆ ਵਸੂਲਦੇ ਹਨ।

ਸਾਹਿਤਕ ਸਮਾਗਮ ਦੌਰਾਨ ਅਖੀਰ ਵਿਚ ਇਕ ਕਾਵਿ ਮਹਿਫ਼ਲ ਵੀ ਸਜਾਈ ਗਈ, ਜਿਸ ਦੌਰਾਨ ਮਨਜੀਤ ਕੌਰ ਮੋਹਾਲੀ, ਪ੍ਰੀਤਮ ਸੰਧੂ, ਰਮਨ ਸੰਧੂ, ਕੇਵਲ ਕ੍ਰਿਸ਼ਨ, ਰਘਵੀਰ ਵੜੈਚ, ਰਾਣਾ ਬੂਲਪੁਰੀ, ਪਾਲ ਅਜਨਬੀ, ਰਤਨ ਬਾਬੁਲਪੁਰੀ ਤੇ ਦਰਸ਼ਨ ਤ੍ਰਿਊਣਾ ਨੇ ਨਜ਼ਮਾਂ ਨਾਲ ਆਪਣੀ ਹਾਜ਼ਰੀ ਲਗਵਾਈ ਜਦੋਂਕਿ ਸਟੇਜ ਸਕੱਤਰ ਦੀ ਕਾਰਵਾਈ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਨਿਭਾਈ। ਇਸ ਮੌਕੇ ਮਹਿਫ਼ਲ ਵਿਚ ਮੌਜੂਦ ਹੋਰਨਾਂ ਤੋਂ ਇਨਾਵਾ ਮਨਜੀਤ ਕੌਰ ਮੀਤ, ਜਗਦੀਪ ਨੂਰਾਨੀ, ਨਰਿੰਦਰ ਕੌਰ ਨਸਰੀਨ, ਜਗਦੀਪ ਸਿੰਘ ਜੱਗਾ, ਜੋਗਿੰਦਰ ਮੋਹਨ ਚੋਪੜਾ, ਗੁਰਚਰਨ ਸਿੰਘ, ਡਾ. ਦਵਿੰਦਰ ਬੋਹਾ, ਤੇਜਾ ਸਿੰਘ ਥੂਹਾ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ, ਦਰਸ਼ਨ ਸਿੰਘ ਸਿੱਧੂ ਤੇ ਕਸ਼ਮੀਰ ਕੌਰ ਸੰਧੂ ਵੀ ਮੌਜੂਦ ਸਨ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …