15 C
Toronto
Wednesday, September 17, 2025
spot_img
Homeਪੰਜਾਬਪਹਿਲਾਂ ਸਾਰੇ ਲੁਕੇ ਰਹੇ, ਜਦੋਂ ਸਾਰੇ ਭੱਜ ਗਏ ਤਾਂ ਬਾਅਦ 'ਚ ਆਰਕੈਸਟਰਾ...

ਪਹਿਲਾਂ ਸਾਰੇ ਲੁਕੇ ਰਹੇ, ਜਦੋਂ ਸਾਰੇ ਭੱਜ ਗਏ ਤਾਂ ਬਾਅਦ ‘ਚ ਆਰਕੈਸਟਰਾ ਵਾਲਿਆਂ ‘ਤੇ ਕੀਤੀ ਫਾਈਰਿੰਗ, ਡਾਂਸਰ ਦੀ ਮੌਤ

logo-2-1-300x105-3-300x105ਸਮਾਣਾ/ਬਿਊਰੋ ਨਿਊਜ਼ : ਨਾਭਾ ਜੇਲ੍ਹ ਤੋਂ ਕੈਦੀਆਂ ਦੇ ਭੱਜਣਾ ਖਮਿਆਜ਼ਾ ਬੇਕਸੂਰ ਲੜਕੀ ਨੇਹਾ ਨੂੰ ਭੁਗਤਣਾ ਪਿਆ। ਚੀਕਾ ਰੋਡ ‘ਤੇ ਪੁਲਿਸ ਨੇ ਆਰਕੈਸਟਰਾ ਦੀ ਗੱਡੀ ‘ਤੇ ਇਸ ਲਈ ਫਾਈਰਿੰਗ ਕਰ ਦਿੱਤੀ ਕਿਉਂਕਿ ਡਰਾਈਵਰ ਨੇ ਗੱਡੀ ਥੋੜ੍ਹੀ ਅੱਗੇ ਰੋਕੀ। ਪੁਲਿਸ ਵਾਲਿਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਲੱਗਿਆ ਕਿ ਗੱਡੀ ‘ਚ ਨਾਭਾ ਜੇਲ੍ਹ ਤੋਂ ਭੱਜੇ ਹੋਏ ਕੈਦੀ ਹਨ। ਜਦੋਂਕਿ ਗੱਡੀ ਚਲਾਉਣ ਵਾਲੇ ਅਤੇ ਆਰਕੈਸਟਰਾ ਗਰੁੱਪ ਦੇ ਮਾਲਿਕ ਸਰਬਜੀਤ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਗੱਡੀ ਭਜਾਈ ਨਹੀਂ। ਪੁਲਿਸ ਨੇ ਗੱਡੀ ਦੇ ਸਾਹਮਣੇ ਤੋਂ ਫਾਈਰਿੰਗ ਕਰ ਦਿੱਤੀ, ਜਿਸ ਨਾਲ ਫਰੰਟ ਸੀਟ ‘ਤੇ ਬੈਠੀ ਨੇਹਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਨੇੜੇ ਦੀ ਲੰਘ ਰਹੇ ਮੋਟਰ ਸਾਈਕਲ ਸਵਾਰ ਦਿੜ੍ਹਬਾ ਦੇ ਬ੍ਰਿਜਮੋਹਨ ਦੀ ਲੱਤ ‘ਚ ਗੋਲੀ ਲੱਗੀ।
ਵਰਦੀ ਦੀ ਆੜ ‘ਚ ਹੋਇਆ ਸਭ ਕੁਝ
ਹਾਈ ਸਕਿਓਰਿਟੀ ਨਾਭਾ ਜੇਲ੍ਹ ਦੇ ਗੇਟ ‘ਤੇ ਸਵੇਰੇ 8:45 ਵਜੇ ਹੀ ਗੱਡੀਆਂ ‘ਚ ਸਵਾਰ 10 ਵਿਅਕਤੀ ਪਹੁੰਚੇ। ਇਹ ਪੁਲਿਸ ਦੀ ਵਰਦੀ ‘ਚ ਸਨ। ਮੇਨ ਗੇਟ ‘ਤੇ ਤਾਇਨਾਤ ਸੰਤਰੀਆਂ ਨੇ ਸਮਝਿਆ ਕਿ ਉਹ ਕਿਸੇ ਕੈਦੀ ਨੂੰ ਸੌਂਪਣ ਆਏ ਹਨ ਅਤੇ ਸੰਤਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ।
ਇਹ ਸੋਸ਼ਲ ਮੀਡੀਆ ‘ਤੇ ਦੱਸਦੇ ਹਨ..ਕੀ ਕਰ ਰਹੇ ਹਾਂ ਅਤੇ ਕੀ ਕਰਨ ਵਾਲੇ ਹਾਂ
ਜੇਲ੍ਹ ਬਰੇਕ ਤੋਂ ਬਾਅਦ ਕਿਹਾ : ਐਨਕਾਊਂਟਰ ਕੀਤਾ ਤਾਂ ਬਾਦਲ ਸਰਕਾਰ ਆਪਣਾ ਵੀ ਬਚਾਅ ਕਰ ਲਏ
ਪਟਿਆਲਾ : ਨਾਭਾ ਦੀ ਜੇਲ੍ਹ ਤੋਂ ਫਰਾਰ ਹੋਏ ਸ਼ੇਰਾ ਖੁਬਣ ਗੈਂਗ ਦੇ 4 ਸਾਥੀਆਂ ਦੀ ਕਹਾਣੀ ਝਾਰਖੰਡ ਦੇ ਧਨਬਾਦ ਦੇ ਇਕ ਪਿੰਡ ‘ਚ ਬਣੀ ਫ਼ਿਲਮ ਗੈਂਗਸ ਆਫ਼ ਵਾਸੇਪੁਰ ਤੋਂ ਜ਼ਿਆਦਾ ਖਤਰਨਾਕ ਅਤੇ ਡਰਾਵਣੀ ਹੈ। ਉਸ ‘ਚ ਪੁਲਿਸ ਦੀ ਲਾਪਰਵਾਹੀ ਦਾ ਆਲਮ ਵੀ ਉਸ ਤੋਂ ਕਿਤੇ ਜ਼ਿਆਦਾ ਹੈ। ਇਹ ਗੈਂਗ ਸੋਸ਼ਲ ਮੀਡੀਆ ‘ਤੇ ਜੇਲ੍ਹ ਤੋਂ ਹੀ ਆਪਣੀ ਪ੍ਰੋਫਾਈਲ ਅਪਡੇਟ ਕਰਦਾ ਹੈ। ਕੀ ਕਰ ਰਿਹਾ ਹੈ? ਕੀ ਕਰਨ ਵਾਲੇ ਹਨ? ਇਸ ਦੀ ਜ਼ਿਆਦਾ ਜਾਣਕਾਰੀ ਫੇਸਬੁੱਕ, ਵਟਸਐਪ ‘ਤੇ ਸ਼ੇਅਰ ਕਰਦੇ ਹਨ। ਇਥੋਂ ਤੱਕ ਕਿ ਜੇਲ੍ਹ ‘ਚੋਂ ਭੱਜਣ ਅਤੇ ਭੱਜਣ ਤੋਂ ਬਾਅਦ ਬਾਦਲ ਸਰਕਾਰ ਨੂੰ ਧਮਕਾਉਣ ਦੇ ਲਈ ਵੀ ਇਨ੍ਹਾਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਹੈ। ਇਸ ਗੈਂਗ ਦੇ ਇਕ-ਇਕ ਮੈਂਬਰ ਦੇ ਫਾਲੋਅਰਜ਼ ਦੀ ਗਿਣਤੀ ਹਜ਼ਾਰਾਂ ‘ਚ ਹੈ। ਸਥਿਤੀ ਇਹ ਹੈ ਕਿ ਸ਼ੁਰੂ ‘ਚ ਜਿੱਥੇ ਜਾਂਚ ਏਜੰਸੀਆਂ ਇਹ ਮੰਨ ਰਹੀਆਂ ਸਨ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਮਿੰਟੂ ਨੇ ਹੀ ਇਹ ਪੂਰੀ ਜੇਲ੍ਹ ਤੋਂ ਭੱਜਣ ਦੀ ਸਾਜ਼ਿਸ਼ ਰੀ ਹੋਵੇਗੀ। ਹੁਣ ਇਸ ਪਾਸੇ ਮੁੜ ਚੁੱਕੀ ਹੈ ਕਿ ਇਨ੍ਹਾਂ ਗੈਂਗਸਟਰਾਂ ਨੇ ਹੀ ਖਾੜਕੂਆਂ ਦੀ ਵੀ ਭੱਜਣ ਦਾ ਪਲਾਨ ਬਣਾਇਆ।  ਪੰਜਾਬ ਦੀ ਹਾਈ ਸਕਿਓਰਿਟੀ ਜੇਲ੍ਹ ਨਾਭਾ ‘ਤੇ ਹਮਲਾ ਕਰਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਦੋ ਖਾੜਕੂਆਂ ਸਮੇਤ 4 ਖਤਰਨਾਕ ਗੈਂਗਸਟਰਾਂ ਨੂੰ ਭਜਾਉਣ ਦੀ ਘਟਨਾ ਜੇਲ੍ਹ ‘ਚ ਬੰਦ ਵਿੱਕੀ ਗੌਂਡਰ ਅਤੇ ਨੀਟਾ ਦਿਓਲ ਨੇ ਰਚੀ ਸੀ। ਇਸ ਦੇ ਸੋਸ਼ਲ ਮੀਡੀਆ ‘ਚ ਇਸ ਦੇ ਮੈਸੇਜ, ਵਟਸਐਪ ਕਾਲ ‘ਚ ਸੱਤ ਦਿਨ ਪਹਿਲਾਂ ਹੀ ਸੰਕੇਤ ਮਿਲ ਗਏ ਸਨ ਕਿ ਇਹ ਜੇਲ੍ਹ ਤੋਂ ਭੱਜਣ ਵਾਲੇ ਹਨ। ਨਿਊ ਨਾਭਾ ਜੇਲ੍ਹ ਬਰੇਕ ਕਾਂਡ ਤੋਂ ਬਾਅਦ ਪੁਲਿਸ ਚਾਹੇ ਅਜੇ ਕਿਸੇ ਵੀ ਅਪਰਾਧੀ ਨੂੰ ਫੜ ਨਹੀਂ ਸੀ ਪ੍ਰੰਤੂ ਫੇਸਬੁੱਕ ‘ਤੇ ਸ਼ੇਰਾ ਖੁਬਣ ਗਰੁੱਪ ਨੇ ਸਰਕਾਰ ਨੂੰ ਸਿੱਧੀ ਧਮਕੀ ਦਿੰਦੇ ਹੋਏ ਚੈਲੇਂਜ ਕੀਤਾ ਹੈ ਕਿ ਸਾਡੇ ਫਰਾਰ ਹੋਏ ਸਾਥੀਆਂ ਨੂੰ ਕੁਝ ਹੋਇਆ ਤਾਂ ਬਾਦਲ ਸਰਕਾਰ ਵੀ ਆਪਣਾ ਬਚਾਅ ਕਰ ਲਏ।
ਫਰਾਰ ਹੋਏ ਨੀਟਾ ਦੇ ਫੇਸਬੁੱਕ ਅਕਾਊਂਟ ‘ਤੇ ਸਟੇਟਸ ਅੱਪਡੇਟ…
‘ਨੀਟਾ-ਸੇਖੋਂ ਫੜੇ ਗਏ, ਪੁਲਿਸ ਨਹੀਂ ਦਿਖਾ ਰਹੀ ਗ੍ਰਿਫ਼ਤਾਰੀ’
ਸੋਮਵਾਰ ਰਾਤ ਕਰੀਬ 9:40 ਮਿੰਟ ‘ਤੇ ਕੁਲਪ੍ਰੀਤ ਦਿਓਲ ਨੀਟਾ ਦੇ ਫੇਸਬੁੱਕ ਅਕਾਊਂਟ ‘ਤੇ ਸਟੇਟ ਅਪਡੇਟ ਹੋਇਆ। ਲਿਖਿਆ ਨੀਟਾ ਅਤੇ ਸੇਖੋਂ ਨੂੰ ਬਿਨਾ ਕਿਸੇ ਨੁਕਸਾਨ ਤੋਂ ਫੜ ਲਿਆ ਗਿਆ ਹੈ ਪਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਦਿਖਾ ਰਹੀ। ਸਾਡੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦੋਨਾਂ ਨੂੰ ਸਹੀ ਸਲਾਮਤ ਅਦਾਲਤ ‘ਚ ਪੇਸ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਟਿਆਲਾ ਰੇਂਜ ਦੇ ਆਈਜੀ ਉਮਰਾਨੰਗਲ ਨੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਪਰ ਨੀਟਾ ਦਿਓਲ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਅੱਧੀ ਦਰਜਨ ਗੈਂਗਸਟਰ ਛੁਡਵਾ ਚੁੱਕੇ ਹਨ ਉਨ੍ਹਾਂ ਦੇ ਸਾਥੀ
ਬਠਿੰਡਾ : ਜ਼ਿਲ੍ਹੇ ਅੰਦਰ ਪਿਛਲੇ ਚਾਰ ਸਾਲਾਂ ਵਿਚ ਅੱਧੀ ਦਰਜਨ ਖਤਰਨਾਕ ਅਪਰਾਧੀਆਂ ਨੂੰ ਉਹਨਾਂ ਦੇ ਸਾਥੀ ਪੁਲਿਸ ਕੋਲੋਂ ਛੁਡਵਾ ਕੇ ਲੈ ਜਾ ਚੁੱਕੇ ਹਨ। ਜੇਲ੍ਹ ਵਿਚੋਂ ਪੇਸ਼ੀ ਅਤੇ ਹਸਪਤਾਲ ਇਲਾਜ ਲਈ ਲੈ ਜਾਂਦਿਆਂ ਕਈ ਖਤਰਨਾਕ ਅਪਰਾਧੀ ਪੁਲਿਸ ਕੋਲੋਂ ਫਰਾਰ ਹੋ ਚੁੱਕੇ ਹਨ। ਸਾਲ 2012 ਦੇ ਅਖੀਰ ਵਿਚ ਬਠਿੰਡਾ ਕੇਂਦਰੀ ਜੇਲ੍ਹ ਵਿਚ ਸਿਮਰਜੀਤ ਕਤਲ ਕੇਸ ਵਿਚ ਬੰਦ ਗੁਰਬਿੰਦਰ ਬਿੰਦੂ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਸਿਵਲ ਹਸਪਤਾਲ ਪੁੱਜਣ ਵਿਚ ਸਫਲ ਹੋ ਗਿਆ ਸੀ, ਜਿਸ ਨੂੰ ਗੈਂਗਸਟਰ ਕੁਲਵੀਰ ਨਰੂਆਣਾ ਆਪਣੇ ਸਾਥੀਆਂ ਸਮੇਤ ਪੁਲਿਸ ਕੋਲੋਂ ਛੁਡਵਾ ਕੇ ਲੈ ਗਿਆ। ਬਿੰਦੂ ਅੱਜ ਤੱਕ ਵੀ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਚਰਚਾ ਹੈ ਕਿ ਉਹ ਵਿਦੇਸ਼ ਭੱਜਣ ਵਿਚ ਸਫਲ ਹੋ ਗਿਆ ਹੈ। ਇਸ ਤਰ੍ਹਾਂ ਹੀ ਖਤਰਨਾਕ ਗੈਂਗਸਟਰ ਰਾਜੀਵ ਰਾਜਾ ਨੂੰ ਉਸ ਦੇ ਸਾਥੀ 10 ਮਾਰਚ 2014 ਨੂੰ ਜ਼ਬਰਦਸਤੀ ਛੁਡਵਾ ਕੇ ਲੈ ਗਏ ਸਨ। ਰਾਜਾ ਨੂੰ ਬਠਿੰਡਾ ਪੁਲਿਸ ਪੇਸ਼ੀ ਲਈ ਜੇਲ੍ਹ ਵਿਚੋਂ ਪਟਿਆਲੇ ਇਨੋਵਾ ਗੱਡੀ ‘ਤੇ ਲਿਜਾ ਰਹੀ ਸੀ। ਜਦੋਂ ਗੱਡੀ ਭਾਈ ਬਖਤੌਰ ਪਿੰਡ ਨੇੜੇ ਪੁੱਜੀ ਤਾਂ ਪਿੱਛੋਂ ਚਾਰ ਗੱਡੀਆਂ ਵਿਚ ਗੈਂਗਸਟਰ ਰਾਣਾ ਸੇਖੋਂ ਦੀ ਅਗਵਾਈ ਵਿਚ ਆਏ ਇਕ ਦਰਜਨ ਹਮਲਾਵਰਾਂ ਨੇ ਉਸ ਨੂੰ ਪੁਲਿਸ ਕੋਲੋਂ ਛੁਡਵਾ ਲਿਆ। ਰਾਜਾ ਦੇ ਸਾਥੀ ਜਾਂਦੇ ਹੋਏ ਪੁਲਿਸ ਦੀ ਕਾਰਬਾਈਨ ਵੀ ਖੋਹ ਕੇ ਲੈ ਗਏ ਸਨ।

RELATED ARTICLES
POPULAR POSTS