ਜਥੇਬੰਦੀ ਵਿੱਚ ਫੁੱਟ ਦੇ ਆਸਾਰ ਵਧੇ; ਆਗੂਆਂ ਵੱਲੋਂ ਇਕ-ਦੂਜੇ ਖਿਲਾਫ ਬਿਆਨਬਾਜ਼ੀ
ਬਰਨਾਲਾ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਿੱਚ ਫੁੱਟ ਦੇ ਆਸਾਰ ਬਣ ਗਏ ਹਨ। ਇਸ ਜਥੇਬੰਦੀ ਨੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉਪਲੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੂੰ ਜਥੇਬੰਦੀ ਵਿਚੋਂ ਕੱਢ ਦਿੱਤਾ ਹੈ। ਇਸ ਫੈਸਲੇ ਨਾਲ ਹੁਣ ਤਕ ਸੱਤ ਆਗੂ ਜਥੇਬੰਦੀ ਤੋਂ ਬਾਹਰ ਕਰ ਦਿੱਤੇ ਗਏ ਹਨ। ਸੂਬਾ ਕਮੇਟੀ ਸਮੇਤ ਪੂਰੀ ਜਥੇਬੰਦੀ ਦੋ ਧੜਿਆਂ ਵਿੱਚ ਵੰਡੀ ਗਈ ਹੈ ਤੇ ਦੋਵੇਂ ਇੱਕ ਦੂਜੇ ਖਿਲਾਫ਼ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੀ ਪੜਤਾਲੀਆ ਕਮੇਟੀ ਵੱਲੋਂ ਪੱਤਰ ਜਾਰੀ ਕਰ ਕੇ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ‘ਤੇ ਕੇਂਦਰੀ ਹਕੂਮਤ ਨਾਲ ਸਬੰਧ ਰੱਖਣ ਸਣੇ ਫੰਡਾਂ ਦਾ ਹਿਸਾਬ-ਕਿਤਾਬ ਨਾ ਦੇਣ ਜਿਹੇ ਮੁੱਦਿਆਂ ਨੂੰ ਲੈ ਕੇ ਸਪਸ਼ਟੀਕਰਨ ਮੰਗਿਆ ਗਿਆ ਸੀ। ਇਸ ਤੋਂ ਬਾਅਦ ਵਿਵਾਦ ਵਧ ਗਿਆ ਸੀ। ਇਸੇ ਅੰਦਰੂਨੀ ਕਸ਼ਮਕਸ਼ ਦੇ ਚਲਦਿਆਂ ਲੰਘੇ ਸਮੇਂ ਜ਼ਿਲ੍ਹਾ ਬਠਿੰਡਾ ਇਕਾਈ ਦੇ ਸਥਾਨਕ ਮੁੱਦਿਆਂ ਦੀ ਓਟ ਹੇਠ ਅਹੁਦੇਦਾਰ ਹਟਾਏ ਤੇ ਕੁਝ ਨਵੇਂ ਲਾਏ ਗਏ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਸੂਬਾਈ ਮੀਟਿੰਗ ਸਮੇਂ ਉਕਤ ਚਿੱਠੀ ਦੇ ਏਜੰਡੇ ‘ਤੇ ਚਰਚਾ ਲਈ ਬਜ਼ਿੱਦ ਆਗੂਆਂ ‘ਚੋਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ ਸਣੇ ਬਰਨਾਲਾ ਨਾਲ ਸਬੰਧਤ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ ਤੇ ਬਲਾਕ ਬਰਨਾਲਾ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੂੰ ਯੂਨੀਅਨ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਆਪਣੇ ‘ਤੇ ਲੱਗੇ ਇਲਜ਼ਾਮਾਂ ਦਾ ਸਪਸ਼ਟੀਕਰਨ ਦੇਣ ਦੀ ਬਜਾਏ ਬੌਖ਼ਲਾਹਟ ਵਿੱਚ ਆ ਗਏ ਹਨ ਜਿਸ ਕਰ ਕੇ ਉਹ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਜਥੇਬੰਦੀ ਸੁਪਰੀਮ ਜਨਰਲ ਕੌਂਸਲ ਸੱਦ ਕੇ ਅਗਲੇਰਾ ਫ਼ੈਸਲਾ ਕਰੇਗੀ।
ਦੂਜੇ ਪਾਸੇ, ਬੂਟਾ ਸਿੰਘ ਬੁਰਜਗਿੱਲ ਨੇ ਆਪਣੇ ਖਿਲਾਫ਼ ਲੱਗੇ ਆਰੋਪਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੜਤਾਲੀਆ ਕਮੇਟੀ ਦੀ ਜੋਗਿੰਦਰ ਸਿੰਘ ਉਗਰਾਹਾਂ ਦੇ ਦਸਤਖਤਾਂ ਹੇਠ ਜਾਰੀ ਚਿੱਠੀ ਉਨ੍ਹਾਂ ਖਿਲਾਫ਼ ਸਾਜਿਸ਼ ਦਾ ਹਿੱਸਾ ਹੈ।