ਕੰਵਰ ਗਰੇਵਾਲ ਦੇ ਘਰ ਵੀ ਪਹੁੰਚੀ ਐਨਆਈਏ ਦੀ ਟੀਮ
ਬਟਾਲਾ/ਬਿਊਰੋ ਨਿਊਜ਼ : ਪੰਜਾਬੀ ਗਾਇਕ ਰਣਜੀਤ ਬਾਵਾ ਦੀ ਬਟਾਲਾ ਸਥਿਤ ਕੋਠੀ ਸਮੇਤ 4 ਟਿਕਾਣਿਆਂ ’ਤੇ ਅੱਜ ਇਨਕਮ ਟੈਕਸ ਵਿਭਾਪ ਵੱਲੋਂ ਛਾਪਾ ਮਾਰਿਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਵੱਲੋੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਘਰ ਦੇ ਅੰਦਰ ਜਾਂ ਬਾਹਰ ਜਾਣਦੀ ਆਗਿਆ ਨਹੀਂ ਹੈ। ਘਰ ਦੇ ਬਾਹਰ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਬਾਵਾ ਦੀ ਬਟਾਲਾ ਸਥਿਤ ਕੋਠੀ ਸਮੇਤ ਜੱਦੀ ਪਿੰਡ ਵਡਾਲਾ ਗ੍ਰੰਥੀਆਂ ਅਤੇ ਚੰਡੀਗੜ੍ਹ ਸਥਿਤ ਕੋਠੀ ’ਤੇ ਵੀ ਜਾਂਚ ਟੀਮਾਂ ਪਹੁੰਚੀਆਂ। ਇਸ ਦੇ ਨਾਲ ਹੀ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੇ ਘਰ ਵੀ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਅਤੇ ਇਨ੍ਹਾਂ ਟਿਕਾਣਿਆਂ ਤੋਂ ਪ੍ਰਾਪਤ ਹੋਏ ਸਮਾਨ ਦੀ ਵੈਲਿਊਏਸ਼ਨ ਕੀਤੀ ਜਾ ਰਹੀ ਹੈ। ਉਧਰ ਸੂਫੀ ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਟਿਕਾਣੇ ’ਤੇ ਵੀ ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਰੇਡ ਕੀਤੀ ਗਈ। ਮੋਹਾਲੀ ਦੇ ਤਾਜ ਟਾਵਰ ’ਚ ਉਨ੍ਹਾਂ ਦਾ ਫਲੈਟ ਹੈ ਜਿੱਥੇ ਅਚਾਨਕ ਅੱਜ ਐਨਆਈਏ ਦੀ ਟੀਮ ਨੇ ਸੀਆਰਪੀਐਫ ਦੇ ਜਵਾਨਾਂ ਸਮੇਤ ਰੇਡ ਕੀਤੀ। ਜਾਂਚ ਏਜੰਸੀ ਵੱਲੋਂ ਕਾਫੀ ਦੇਰ ਤੱਕ ਕੰਵਰ ਗਰੇਵਾਲ ਤੋਂ ਪੁੱਛਗਿੱਛ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗੈਂਗਸਟਰਾਂ ਦੀ ਦਖਲਅੰਦਾਜ਼ੀ ਦੇ ਮਾਮਲੇ ਨੂੰ ਲੈ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਐਨਆਈਏ ਅਫ਼ਸਾਨਾ ਖਾਨ, ਬੱਬੂ ਮਾਨ ਅਤੇ ਮਨਕੀਰਤ ਔਲਖ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਧਿਆਨ ਰਹੇ ਕਿ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਉਨ੍ਹਾਂ ਪੰਜਾਬੀ ਗਾਇਕਾਂ ਵਿਚੋਂ ਹਨ ਜਿਨ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਸੀ।