ਕਿਹਾ : 76 ਸਾਲਾਂ ਵਿਚ ਕੋਈ ਸਿੱਖ ਵਾਈਸ ਚਾਂਸਲਰ ਕਿਉਂ ਨਹੀਂ ਲਗਾਇਆ?
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੁਣ ਤੱਕ ਹੁੰਦੀ ਆ ਰਹੀ ਫਿਰਕੂ ਵਿਤਕਰੇਬਾਜ਼ੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ 1947 ਤੋਂ ਅੱਜ ਤੱਕ ਇਕ ਵੀ ਸਿੱਖ ਚਿਹਰੇ ਨੂੰ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਹੁਣ ਜਦੋਂ ਮੌਜੂਦਾ ਵੀਸੀ ਦੇ ਅਸਤੀਫੇ ਕਾਰਨ ਵਾਈਸ ਚਾਂਸਲਰ ਦੀ ਆਸਾਮੀ ਖਾਲੀ ਹੋ ਗਈ ਹੈ ਤਾਂ ਕਿਸੇ ਯੋਗ ਤੇ ਪ੍ਰਮੁੱਖ ਸਿੱਖ ਵਿਦਵਾਨ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਹੀ ਅਰਥਾਂ ਵਿਚ ਮਾਣ ਮੱਤੇ ਵਿਦਵਾਨਾਂ ਦੀ ਪ੍ਰਤੀਕ ਤੇ ਪੰਜਾਬ ਦੇ ਮੌਜੂਦਾ ਸਭਿਆਚਾਰ ਦੀ ਪਛਾਣ ਹੈ, ਜੋ ਪੰਜਾਬੀ ਬੋਲਦੇ ਇਲਾਕੇ ਵਜੋਂ ਸਥਾਪਿਤ ਕੀਤੀ ਗਈ ਸੀ। ਇਸ ਸਬੰਧੀ ਸੁਖਬੀਰ ਨੇ ਭਾਰਤ ਦੇ ਉਪ ਰਾਸ਼ਟਰਪਤੀ, ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਉਨ੍ਹਾਂ ਨੂੰ ਇਕ ਪੱਤਰ ਵੀ ਲਿਖਿਆ ਹੈ। ਸੁਖਬੀਰ ਨੇ ਅਰੋਪ ਲਗਾਇਆ ਕਿ ਅਜਿਹਾ ਵਿਤਕਰਾ ਸਿਰਫ ਵਾਈਸ ਚਾਂਸਲਰਾਂ ਦੀ ਨਿਯੁਕਤੀ ਵਿਚ ਹੀ ਨਹੀਂ ਹੋ ਰਿਹਾ, ਬਲਕਿ ਉਹ ਹੇਠਲੇ ਪੱਧਰ ਦੇ ਅਹੁਦਿਆਂ ਤੱਕ ਵੀ ਹੋ ਰਿਹਾ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ’ਤੇ ਹੁਣ ਡਾ. ਰੇਣੂ ਵਿੱਜ ਨੂੰ ਕਾਰਜਕਾਰੀ ਵਾਈਸ ਚਾਂਸਲਰ ਬਣਾਇਆ ਗਿਆ। ਪ੍ਰੋ. ਰਾਜ ਕੁਮਾਰ ’ਤੇ ਆਰੋਪ ਲੱਗੇ ਸਨ ਕਿ ਯੂਨੀਵਰਸਿਟੀ ਵਿਚ ਕਈ ਅਹਿਮ ਅਹੁਦਿਆਂ ’ਤੇ ਤਾਨਾਸ਼ਾਹੀ ਤਰੀਕੇ ਨਾਲ ਨਿਯੁਕਤੀਆਂ ਹੋਈਆਂ ਸਨ।